ਤਿੰਨ ਨੰਬਰ 12, 3 ਅਤੇ 27 ਅੱਜ ਕਰਨਗੇ ਪਾਕਿ ਦੇ ਭੱਵਿਖ ਦਾ ਫੈਸਲਾ

02/18/2020 4:31:25 PM

ਪੈਰਿਸ (ਬਿਊਰੋ): ਅੱਤਵਾਦੀ ਫੰਡਿੰਗ ਅਤੇ ਮਨੀ ਲਾਂਡਰਿੰਗ 'ਤੇ ਨਜ਼ਰ ਰੱਖਣ ਵਾਲੀ ਅੰਤਰਰਾਸ਼ਟਰੀ ਸੰਸਥਾ ਵਿੱਤੀ ਕਾਰਵਾਈ ਟਾਸਕ ਫੋਰਸ (FATF) ਅੱਜ ਇਹ ਫੈਸਲਾ ਕਰੇਗੀ ਕਿ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਰੱਖਣਾ ਹੈ ਜਾਂ ਬਲੈਕਲਿਸਟ ਵਿਚ ਪਾਉਣਾ ਹੈ।ਇਸ ਸੰਸਥਾ ਦੀ ਮੀਟਿੰਗ ਪੈਰਿਸ ਵਿਚ ਚੱਲ ਰਹੀ ਹੈ, ਜਿਸ ਵਿਚ 205 ਦੇਸਾਂ ਦੇ ਪ੍ਰਤੀਨਿਧੀ ਸ਼ਾਮਲ ਹਨ। ਸੂਤਰਾਂ ਮੁਤਾਬਕ ਪ੍ਰਤੀਨਿਧੀ ਅੱਤਵਾਦ 'ਤੇ ਲਗਾਮ ਲਗਾਉਣ ਵਿਚ ਅਸਫਲ ਰਹੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਹੀ ਰੱਖਣ 'ਤੇ ਫੈਸਲਾ ਲੈ ਸਕਦੇ ਹਨ।

ਇਸ ਸੰਸਥਾ ਨੇ ਪਾਕਿਸਤਾਨ ਦਾ ਨਾਮ ਲਏ ਬਿਨਾਂ ਉਸ ਨੂੰ ਚਿਤਾਵਨੀ ਦਿੱਤੀ ਹੈ। ਸੰਸਥਾ ਨੇ ਕਿਹਾ ਹੈ ਕਿ ਦੁਨੀਆ ਦੇ ਕੁਝ ਦੇਸ਼ ਹਾਲੇ ਵੀ ਗੈਰ ਕਾਨੂੰਨੀ ਤਰੀਕਿਆਂ ਨਾਲ ਜੁਟਾਈ ਗਈ ਰਾਸ਼ੀ ਜ਼ਰੀਏ ਅੱਤਵਾਦੀ ਸੰਗਠਨਾਂ ਦਾ ਸਮਰਥਨ ਕਰ ਰਹੇ ਹਨ। ਪੈਰਿਸ ਵਿਚ ਫਿਲਹਾਲ ਐੱਫ.ਏ.ਟੀ.ਐੱਫ. ਦੀ ਬੈਠਕ ਚੱਲ ਰਹੀ ਹੈ। ਇਸ ਵਿਚ ਪਾਕਿਸਤਾਨ ਦੀ ਕਿਸਮਤ ਦਾ ਫੈਸਲਾ ਹੋਵੇਗਾ।

ਪਾਕਿਸਤਾਨ ਦੀ ਇਕ ਅਦਾਲਤ ਨੇ ਕੁਝ ਦਿਨ ਪਹਿਲਾਂ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਬਾਨੀ ਅਤੇ ਮੋਸਟ ਵਾਂਟੇਡ ਹਾਫਿਜ਼ ਸਈਦ ਨੂੰ ਅੱਤਵਾਦੀ ਫੰਡਿੰਗ ਮਾਮਲੇ ਵਿਚ ਕਰੀਬ 11 ਸਾਲ ਦੀ ਸਜ਼ਾ ਸੁਣਾਈ ਹੈ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਐਲਾਨੇ 16 ਅੱਤਵਾਦੀ ਉਸ ਕੋਲ ਸਨ, ਜਿਹਨਾਂ ਵਿਚ 7 ਦੀ ਮੌਤ ਹੋ ਗਈ ਹੈ। ਜਿਹੜੇ 9 ਬਚੇ ਹਨ ਉਹਨਾਂ ਵਿਚੋਂ 7 ਨੇ ਸੰਯੁਕਤ ਰਾਸ਼ਟਰ ਨੂੰ ਮੁਆਫੀ ਲਈ ਅਰਜ਼ੀ ਦਿੱਤੀ ਹੈ।

ਇਹ ਹੈ ਨੰਬਰ ਗੇਮ
ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚੋਂ ਨਿਕਲਣ ਲਈ 39 ਵਿਚੋਂ 12 ਵੋਟਾਂ ਦੀ ਲੋੜ ਹੈ।ਉਸ ਨੂੰ ਬਲੈਕਲਿਸਟ ਤੋਂ ਬਚਣ ਲਈ 3 ਦੇਸ਼ਾਂ ਦੇ ਸਮਰਥਨ ਦੀ ਲੋੜ ਹੈ। ਇਸ ਤੋਂ ਪਹਿਲਾਂ ਬੀਜਿੰਗ ਵਿਚ ਹੋਈ ਬੈਠਕ ਵਿਚ ਪਾਕਿਸਤਾਨ ਨੂੰ ਮਲੇਸ਼ੀਆ, ਤੁਰਕੀ ਅਤੇ ਚੀਨ ਦਾ ਸਮਰਥਨ ਮਿਲਿਆ ਸੀ। ਉੱਥੇ ਅਕਤੂਬਰ ਵਿਚ ਐੱਫ.ਏ.ਟੀ.ਐੱਫ. ਨੇ ਮੰਨਿਆ ਸੀ ਕਿ ਪਾਕਿਸਤਾਨ ਨੇ 27 ਵਿਚੋਂ ਸਿਰਫ 5 ਬਿੰਦੂਆਂ 'ਤੇ ਹੀ ਕੰਮ ਕੀਤਾ। ਅੱਜ ਐੱਫ.ਏ.ਟੀ.ਐੱਫ. ਇਹ ਸਮੀਖਿਆ ਕਰੇਗਾ ਕਿ ਪਾਕਿਸਤਾਨ ਨੇ ਉਸ ਲਿਸਟ ਵਿਚ ਕਿੰਨਾ ਕੰਮ ਕੀਤਾ ਹੈ ਜੋ ਉਸ ਨੂੰ ਜੂਨ 2018 ਵਿਚ  ਦਿੱਤੀ ਗਈ ਸੀ।


Vandana

Content Editor

Related News