ਭਿਆਨਕ ਗਰਮੀ 'ਚ 2 ਸਾਲ ਦੀ ਮਾਸੂਮ ਨੂੰ ਕਾਰ 'ਚ ਭੁੱਲੇ ਮਾਪੇ, 15 ਘੰਟੇ ਬਾਅਦ ਦੇੇਖਿਆ ਤਾਂ...

Monday, May 22, 2023 - 12:04 PM (IST)

ਭਿਆਨਕ ਗਰਮੀ 'ਚ 2 ਸਾਲ ਦੀ ਮਾਸੂਮ ਨੂੰ ਕਾਰ 'ਚ ਭੁੱਲੇ ਮਾਪੇ, 15 ਘੰਟੇ ਬਾਅਦ ਦੇੇਖਿਆ ਤਾਂ...

ਇੰਟਰਨੈਸ਼ਨਲ ਡੈਸਕ- ਭਾਰਤ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆ ਵਿਚ ਭਿਆਨਕ ਗਰਮੀ ਪੈ ਰਹੀ ਹੈ। ਇਸ ਦੌਰਾਨ ਭਿਆਨਕ ਗਰਮੀ 'ਚ ਕਾਰ 'ਚ ਬੰਦ ਰਹਿਣ ਕਾਰਨ 2 ਸਾਲਾ ਬੱਚੀ ਦੀ ਮੌਤ ਹੋ ਗਈ। ਉਹ 15 ਘੰਟੇ ਤੋਂ ਕਾਰ ਵਿੱਚ ਬੰਦ ਸੀ। ਇਸ ਮਾਮਲੇ 'ਚ ਪੁਲਸ ਨੇ ਪੀੜਤਾ ਦੇ ਪਿਤਾ ਕ੍ਰਿਸਟੋਫਰ ਮੈਕਲੀਨ ਅਤੇ ਮਾਂ ਕੈਥਰੀਨ ਐਡਮਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੱਚੀ ਦੇ ਸਰੀਰ ਦਾ ਤਾਪਮਾਨ 41.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਕਾਰ ਵਿੱਚ ਇੱਕ 4 ਸਾਲਾ ਬੱਚਾ ਵੀ ਬੰਦ ਸੀ, ਪਰ ਉਹ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ। ਇਸ ਸਮੇਂ ਉਸਨੂੰ ਬਾਲ ਸੁਰੱਖਿਆ ਸੇਵਾਵਾਂ ਦੀ ਦੇਖਭਾਲ ਵਿੱਚ ਰੱਖਿਆ ਗਿਆ ਹੈ।

ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਹ ਮਾਮਲਾ ਅਮਰੀਕਾ ਦੇ ਫਲੋਰੀਡਾ ਦਾ ਹੈ। ਮਾਮਲੇ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਨ੍ਹਾਂ ਬੱਚਿਆਂ ਦੀ ਮਾਂ ਉਨ੍ਹਾਂ ਨੂੰ ਕਾਰ 'ਚ ਬੰਦ ਕਰਕੇ ਭੁੱਲ ਗਈ ਸੀ। ਜਦੋਂ ਉਸ ਨੂੰ ਯਾਦ ਆਇਆ ਤਾਂ ਉਸ ਨੇ ਬੱਚੀ ਨੂੰ ਬੇਹੋਸ਼ ਪਾਇਆ। ਉਸਨੇ ਐਮਰਜੈਂਸੀ ਨੰਬਰ 'ਤੇ ਕਾਲ ਕੀਤੀ। ਫਿਰ ਜਦੋਂ ਤੱਕ ਡਾਕਟਰੀ ਸਹਾਇਤਾ ਪਹੁੰਚੀ, ਉਦੋ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਦੋਸ਼ੀ ਮਾਂ ਆਪਣੇ ਦੋ ਬੱਚਿਆਂ ਨੂੰ ਕਾਰ 'ਚ ਸੁੱਤੇ ਪਏ ਛੱਡਣ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢਣਾ ਭੁੱਲ ਗਈ ਸੀ। ਬੱਚੇ ਦੇਰ ਰਾਤ ਤੋਂ ਅਗਲੇ ਦਿਨ ਦੁਪਹਿਰ 3 ਵਜੇ ਤੱਕ ਕਾਰ 'ਚ ਹੀ ਰਹੇ। ਇਹ ਘਟਨਾ 16 ਮਈ ਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ 'ਟਾਈਟਲ 42' ਦੇ ਖ਼ਤਮ ਹੋਣ ਤੋਂ ਬਾਅਦ ਇਕ ਹਫ਼ਤੇ 'ਚ 11,000 ਪ੍ਰਵਾਸੀ ਕੀਤੇ ਡਿਪੋਰਟ

ਪੁਲਸ ਨੇ ਮਾਪਿਆਂ ਨੂੰ ਕੀਤਾ ਗ੍ਰਿਫ਼ਤਾਰ
  
ਪੁਲਸ ਅਧਿਕਾਰੀ ਨੇ ਦੱਸਿਆ, 'ਦੋਵੇਂ ਬੱਚੇ ਕਾਰ 'ਚ ਸੁੱਤੇ ਹੋਏ ਸਨ। ਉਨ੍ਹਾਂ ਨੇ ਬੱਚਿਆਂ ਨੂੰ ਕਾਰ ਵਿੱਚ ਛੱਡਣ ਦਾ ਫ਼ੈਸਲਾ ਕੀਤਾ ਅਤੇ ਘਰ ਵਿੱਚ ਸੌਣ ਲਈ ਚਲੇ ਗਏ। ਦੁਪਹਿਰ 3:41 ਵਜੇ ਜੋੜੇ ਦੀ ਨੀਂਦ ਖੁੱਲ੍ਹੀ ਅਤੇ ਉਹਨਾਂ ਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਬੱਚੇ ਕਾਰ ਵਿਚ ਸਨ। ਪੁਲਸ ਨੇ ਜਦੋਂ ਪਤੀ-ਪਤਨੀ ਦੇ ਘਰ ਦੀ ਤਲਾਸ਼ੀ ਲਈ ਤਾਂ ਉਥੋਂ ਨਸ਼ੀਲੇ ਪਦਾਰਥ ਬਰਾਮਦ ਹੋਏ। ਅਧਿਕਾਰੀ ਨੇ ਬੱਚੀ ਦੀ ਮੌਤ ਦਾ ਕਾਰਨ ਨਸ਼ੇ ਨੂੰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਨਸ਼ੇ ਵਿੱਚ ਵਿਅਕਤੀ ਭੁੱਲ ਜਾਂਦਾ ਹੈ ਕਿ ਅਸਲ ਵਿੱਚ ਕੀ ਹੋ ਰਿਹਾ ਹੈ  ਅਤੇ ਫਿਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਪੁਲਸ ਨੇ ਐਡਮਜ਼ ਅਤੇ ਮੈਕਲੀਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਖ਼ਿਲਾਫ਼ ਨਸ਼ੀਲੇ ਪਦਾਰਥ ਰੱਖਣ ਅਤੇ ਬੱਚੇ ਨਾਲ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਉਸਨੇ ਪੁਸ਼ਟੀ ਕੀਤੀ ਕਿ ਬੱਚੀ ਦੇ ਪੋਸਟਮਾਰਟਮ ਤੋਂ ਬਾਅਦ ਜੋੜੇ ਖ਼ਿਲਾਫ਼ ਵਾਧੂ ਦੋਸ਼ ਲਗਾਏ ਜਾ ਸਕਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News