ਸਿੱਖਾਂ ਬਾਰੇ ਰਾਹੁਲ ਗਾਂਧੀ ਦੇ ਬਿਆਨ ''ਤੇ ਬੋਲੇ ਪੰਨੂ, ''ਸਾਬਿਤ ਹੋਇਆ....
Thursday, Sep 12, 2024 - 08:24 AM (IST)
ਇੰਟਰਨੈਸ਼ਨਲ ਡੈਸਕ- ਭਾਰਤ ਵੱਲੋਂ ਅੱਤਵਾਦੀ ਐਲਾਨੇ ਗਏ ਗੁਰਪਤਵੰਤ ਪੰਨੂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਹਾਲ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੱਤੀ ਹੈ। ਪੰਨੂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਇਹ ਟਿੱਪਣੀ ਕਿ ਕੀ ਭਾਰਤ 'ਚ ਸਿੱਖਾਂ ਨੂੰ ਪੱਗ ਜਾਂ ਕੜਾ ਪਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ, ਖਾਲਿਸਤਾਨ ਦੀ ਮੰਗ ਨੂੰ ਸਹੀ ਠਹਿਰਾਉਂਦੀ ਹੈ। ਰਾਹੁਲ ਗਾਂਧੀ ਨੇ ਸੋਮਵਾਰ ਨੂੰ ਵਰਜੀਨੀਆ ਦੇ ਹਰਨਡਨ 'ਚ ਇਕ ਪ੍ਰੋਗਰਾਮ 'ਚ ਕਿਹਾ ਸੀ, '(ਭਾਰਤ 'ਚ) ਸਵਾਲ ਇਹ ਹੈ ਕਿ ਕੀ ਸਿੱਖਾਂ ਨੂੰ ਪੱਗ ਜਾਂ ਕੜਾ ਪਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ... ਇਹ ਮੁੱਦਾ ਸਿਰਫ ਸਿੱਖਾਂ ਲਈ ਨਹੀਂ, ਸਗੋਂ ਸਾਰੇ ਧਰਮਾਂ ਲਈ ਹੈ।'
ਸਾਬਿਤ ਹੋਈ ਸਾਡੀ ਖਾਲਿਸਤਾਨ ਮੰਗ ਜਾਇਜ਼- ਪੰਨੂ
ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਕਿ ਗਾਂਧੀ ਦਾ ਬਿਆਨ ਸਿੱਖਾਂ ਲਈ ਖਤਰੇ ਦੀ ਅਸਲੀਅਤ ਨੂੰ ਉਜਾਗਰ ਕਰਦਾ ਹੈ ਅਤੇ ਇਹ 1947 ਤੋਂ ਬਾਅਦ ਤੋਂ ਸਿੱਖਾਂ ਦੀਆਂ ਸਮੱਸਿਆਵਾਂ 'ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਇਹ ਬਿਆਨ ਪੰਜਾਬ ਦੀ ਸੁਤੰਤਰਤਾ ਰਾਏਸ਼ੁਮਾਰੀ ਦੀ ਮੰਗ ਦਾ ਵੀ ਸਮਰਥਨ ਕਰਦਾ ਹੈ ਤਾਂ ਜੋ ਖਾਲਿਸਤਾਨ ਦੀ ਸਥਾਪਨਾ ਕੀਤੀ ਜਾ ਸਕੇ।
ਭਾਜਪਾ ਨੇ ਕੀਤੀ ਸਖ਼ਤ ਆਲੋਚਨਾ
ਗਾਂਧੀ ਦੀ ਟਿੱਪਣੀ ਨੇ ਸਿਆਸੀ ਹਲਚਲ ਮਚਾ ਦਿੱਤੀ ਹੈ। ਭਾਜਪਾ ਆਗੂਆਂ ਨੇ ਗਾਂਧੀ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਗਾਂਧੀ ਦੀ ਟਿੱਪਣੀ ਨੂੰ ‘ਭਿਆਨਕ’ ਕਰਾਰ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਸਿੱਖ ਭਾਈਚਾਰੇ ਦੇ ਮਸਲਿਆਂ ਨੂੰ ਹੱਲ ਕਰਨ ਲਈ ਕਈ ਕਦਮ ਚੁੱਕੇ ਹਨ। 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਗਾਂਧੀ ਪਰਿਵਾਰ ਦੀ ਸਰਕਾਰ ਸੀ ਤਾਂ ਸਿੱਖ ਕੌਮ ਨੂੰ ਗੰਭੀਰ ਖਤਰਿਆਂ ਦਾ ਸਾਹਮਣਾ ਕਰਨਾ ਪਿਆ।
ਰਾਹੁਲ ਗਾਂਧੀ ਨੂੰ ਕੋਰਟ 'ਚ ਘਸੀਟਾਂਗੇ- ਆਰ. ਪੀ. ਸਿੰਘ
ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਕਿਹਾ ਕਿ ਜੇਕਰ ਗਾਂਧੀ ਨੇ ਭਾਰਤ ਵਿੱਚ ਅਜਿਹੀ ਟਿੱਪਣੀ ਕੀਤੀ ਤਾਂ ਉਹ ਅਦਾਲਤ ਵਿੱਚ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਾਇਰ ਕਰਨਗੇ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਗਾਂਧੀ ਦੀ ਆਲੋਚਨਾ ਕੀਤੀ ਅਤੇ ਵਿਦੇਸ਼ਾਂ ਵਿੱਚ ਅੰਦਰੂਨੀ ਮੁੱਦਿਆਂ ਨੂੰ ਉਜਾਗਰ ਕਰਨ ਦੀ ਲੋੜ 'ਤੇ ਸਵਾਲ ਉਠਾਏ।