ਇਜ਼ਰਾਇਲੀ ਫੌਜ ਨਾਲ ਸੰਘਰਸ਼ 'ਚ 3 ਫਲਸਤੀਨੀਆਂ ਦੀ ਮੌਤ
Saturday, Dec 22, 2018 - 12:06 PM (IST)
ਗਾਜ਼ਾ, (ਏਜੰਸੀ)— ਪੂਰਬੀ ਗਾਜ਼ਾ ਪੱਟੀ 'ਚ ਫਲਸਤੀਨੀ ਪ੍ਰਦਰਸ਼ਨਕਾਰੀਆਂ ਅਤੇ ਇਜ਼ਰਾਇਲੀ ਫੌਜੀਆਂ ਵਿਚਕਾਰ ਸੰਘਰਸ਼ 'ਚ ਸ਼ੁੱਕਰਵਾਰ ਨੂੰ ਘੱਟ ਤੋਂ ਘੱਟ 3 ਫਲਸਤੀਨੀਆਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਏ। ਗਾਜ਼ਾ 'ਚ ਸਿਹਤ ਮੰਤਰਾਲੇ ਦੇ ਬੁਲਾਰੇ ਅਸ਼ਰਫ ਅਲ ਕੇਦਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੂਰਬੀ ਗਾਜ਼ਾ ਪੱਟੀ 'ਚ ਵਿਰੋਧ ਪ੍ਰਦਰਸ਼ਨ ਦੌਰਾਨ ਇਜ਼ਰਾਇਲੀ ਫੌਜੀਆਂ ਦੀ ਗੋਲੀਬਾਰੀ 'ਚ ਮੁਹੰਮਦ ਜਹਜੌਹ (16) , ਅੱਤੇਆ ਯਾਸਿਨ(40) ਅਤੇ ਅਬਦਿਲ ਅਜੀਜ ਅਬੂ ਸ਼ਰੀਆ(28) ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਪੂਰਬੀ ਗਾਜ਼ਾ ਪੱਟੀ ਅਤੇ ਇਜ਼ਰਾਇਲੀ ਸਰਹੱਦ ਦੇ ਨੇੜੇ ਬਾੜੇ ਦੇ ਕੋਲ ਸ਼ਾਂਤੀ ਪੂਰਵਕ ਵਿਰੋਧ ਅਤੇ ਰੈਲੀ ਦੌਰਾਨ ਇਜ਼ਰਾਇਲੀ ਫੌਜੀਆਂ ਦੀ ਗੋਲੀਬਾਰੀ 'ਚ 40 ਤੋਂ ਵਧੇਰੇ ਲੋਕ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਅਲ-ਕੇਦਰਾ ਨੇ ਦੱਸਿਆ ਕਿ ਜ਼ਖਮੀਆਂ 'ਚ 4 ਮੈਡੀਕਲ ਅਧਿਕਾਰੀ ਅਤੇ ਦੋ ਸਥਾਨਕ ਫੋਟੋ ਪੱਤਰਕਾਰ ਸਨ। ਉਨ੍ਹਾਂ ਨੇ ਇਜ਼ਰਾਇਲੀ ਫੌਜੀਆਂ 'ਤੇ ਪ੍ਰਦਰਸ਼ਨਕਾਰੀਆਂ ਨੂੰ ਮਾਰਨ ਅਤੇ ਗੰਭੀਰ ਰੂਪ ਨਾਲ ਜ਼ਖਮੀ ਕਰਨ ਦਾ ਟੀਚਾ ਬਣਾ ਕੇ ਗੋਲੀਆਂ ਚਲਾਉਣ ਦੇ ਦੋਸ਼ ਲਗਾਏ।
