ਫਲਸਤੀਨ ਨੇ ਇਜ਼ਰਾਇਲ ਦੇ ਜ਼ਰੀਏ ਮਨੁੱਖੀ ਸਹਾਇਤਾ ਲੈਣ ਤੋਂ ਕੀਤਾ ਇਨਕਾਰ

Friday, May 22, 2020 - 03:02 AM (IST)

ਫਲਸਤੀਨ ਨੇ ਇਜ਼ਰਾਇਲ ਦੇ ਜ਼ਰੀਏ ਮਨੁੱਖੀ ਸਹਾਇਤਾ ਲੈਣ ਤੋਂ ਕੀਤਾ ਇਨਕਾਰ

ਤੇਲ ਅਵੀਵ - ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠ ਰਹੇ ਵੈਸਟ ਬੈਂਕ ਅਤੇ ਗਾਜ਼ਾ ਪੱਟੀ ਦੇ ਫਲਸਤੀਨੀਆਂ ਲਈ ਰਾਹਤ ਸਮੱਗਰੀ ਲੈ ਕੇ ਪਹਿਲੀ ਵਾਰ ਤੇਲ ਅਵੀਵ ਪਹੁੰਚੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਇਤੀਹਾਦ ਏਅਰਵੇਜ਼ ਦੇ ਜਹਾਜ਼ ਤੋਂ ਫਲਸਤੀਨ ਨੇ ਇਜ਼ਰਾਇਲ ਦੇ ਜ਼ਰੀਏ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਫਲਸਤੀਨੀਆਂ ਲਈ ਰਾਹਤ ਸਮੱਗਰੀ ਲੈ ਕੇ ਇਤੀਹਾਦ ਏਅਰਵੇਜ਼ ਦਾ ਜਹਾਜ਼ ਮੰਗਲਵਾਰ ਨੂੰ ਪਹਿਲੀ ਵਾਰ ਇਜ਼ਰਾਇਲ ਪਹੁੰਚਿਆ ਸੀ ਅਤੇ ਇਸ ਦੇ ਨਾਲ ਹੀ ਉਹ ਇਜ਼ਰਾਇਲ ਵਿਚ ਲੈਂਡ ਹੋਣ ਵਾਲਾ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦਾ ਪਹਿਲਾ ਵਣਜ ਜਹਾਜ਼ ਬਣ ਗਿਆ।

ਇਜ਼ਰਾਇਲ ਦੇ ਵਿਦੇਸ਼ ਮੰਤਰੀ ਨੇ ਇਸ ਕਦਮ ਦੀ ਤਰੀਫ ਕਰਦੇ ਹੋਏ ਇਸ ਨੂੰ ਇਤਿਹਾਸਕ ਦੱਸਿਆ ਸੀ। ਫਲਸਤੀਨ ਦੀ ਮੀਡੀਆ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਫਲਸਤੀਨ ਰਾਸ਼ਟਰੀ ਅਥਾਰਟੀ ਨੇ ਯੂ. ਏ. ਈ. ਵੱਲੋਂ ਦਿੱਤੀ ਜਾ ਰਹੀ ਮਨੁੱਖੀ ਸਹਾਇਤਾ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਫਲਸਤੀਨ ਦੀ ਸੰਵਾਦ ਕਮੇਟੀ ਮੁਤਾਬਕ ਫਲਸਤੀਨੀ ਅਥਾਰਟੀ ਨੇ ਮਨੁੱਖੀ ਸਹਾਇਤਾ ਲੈਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਹੈ ਕਿਉਂਕਿ ਯੂ. ਏ. ਈ. ਨੇ ਇਹ ਸਹਾਇਤਾ ਦੇਣ ਲਈ ਉਨ੍ਹਾਂ ਨਾਲ ਤਾਲਮੇਲ ਨਹੀਂ ਕੀਤਾ। ਸੂਤਰਾਂ ਨੇ ਕਿਹਾ ਕਿ ਫਲਸਤੀਨ ਨੂੰ ਦਿੱਤੀ ਜਾਣ ਵਾਲੀ ਇਸ ਮਨੁੱਖੀ ਸਹਾਇਤਾ ਲਈ ਫਲਸਤੀਨ ਨਾਲ ਤਾਲਮੇਲ ਕੀਤਾ ਜਾਣਾ ਸੀ ਨਾ ਕਿ ਇਜ਼ਰਾਇਲ ਨਾਲ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿਚ ਇਜ਼ਰਾਇਲ ਦੇ ਰਾਜਦੂਤ ਡੈਨੀ ਡੈਨੋਨ ਨੇ ਟਵੀਟ ਕਰ ਕਿਹਾ ਸੀ ਕਿ ਪਹਿਲੀ ਵਾਰ ਇਤੀਹਾਦ ਏਅਰਵੇਜ਼ ਦਾ ਕਾਰਗੋ ਜਹਾਜ਼ ਇਜ਼ਰਾਇਲ ਦੇ ਬੇਨ-ਗੁਰਿਅਨ ਹਵਾਈ ਅੱਡੇ 'ਤੇ ਲੈਂਡ ਹੋਇਆ। ਉਮੀਦ ਹੈ ਕਿ ਜਲਦ ਹੀ ਅਸੀਂ ਯਾਤਰੀ ਉਡਾਣਾਂ ਵੀ ਦੇਖਾਂਗੇ। ਯੂ. ਏ. ਈ. ਨੇ ਸੰਯੁਕਤ ਰਾਸ਼ਟਰ ਦੇ ਗਲੋਬਲ ਖੁਰਾਦ ਪ੍ਰੋਗਰਾਮ ਦੇ ਤਾਲਮੇਲ ਨਾਲ ਇਹ ਜਹਾਜ਼ ਭੇਜਿਆ ਹੈ।


author

Khushdeep Jassi

Content Editor

Related News