ਪਾਕਿਸਤਾਨੀ ਮਾਹਿਰਾਂ ਨੂੰ ਭਾਰਤ ਨਾਲ ਰਿਸ਼ਤਿਆਂ ''ਚ ਸੁਧਾਰ ਦੀ ਕੋਈ ਸੰਭਾਵਨਾ ਨਹੀਂ ਆ ਰਹੀ ਨਜ਼ਰ

03/05/2024 12:54:35 PM

ਇਸਲਾਮਾਬਾਦ (ਭਾਸ਼ਾ) : ਸ਼ਹਾਬਾਜ਼ ਸ਼ਰੀਫ਼ ਦੇ ਦੂਜੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੇ ਦਰਮਿਆਨ , ਦੇਸ਼ ਦੇ ਮਾਹਿਰਾਂ ਨੂੰ ਕਸ਼ਮੀਰ ਮੁੱਦੇ ’ਤੇ ਭਾਰਤ ਨਾਲ ਮਤਭੇਦਾਂ ਦੇ ਕਾਰਨ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਤਤਕਾਲ ਸੁਧਾਰ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਦੱਖਣੀ ਏਸ਼ੀਆ ਦੇ ਦੋਵੇਂ ਗੁਆਂਢੀ ਦੇਸ਼ ਪ੍ਰਮਾਣੂ ਹਥਿਆਰਾਂ ਨਾਲ ਲੈਸ ਹਨ। ਬ੍ਰਿਟੇਨ ਦੇ ਸ਼ਾਸਨ ਤੋਂ 1947 ਵਿਚ ਆਜ਼ਾਦੀ ਮਿਲਣ ਦੇ ਬਾਅਦ ਤੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੁਣ ਤੱਕ ਘੱਟੋ-ਘੱਟ 3 ਵੱਡੀਆਂ ਜੰਗਾਂ ਹੋਈਆਂ ਹਨ। ਭਾਰਤ ਵੱਲੋਂ 2019 ਵਿਚ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ, ਜੰਮੂ ਅਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਏ ਜਾਣ ਅਤੇ ਸੂਬੇ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਖਟਾਸ ਬਣੀ ਹੋਈ ਹੈ। ਪਾਕਿਸਤਾਨ ਨੇ ਇਸ ਕਦਮ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਦੀ ਉਲੰਘਣਾ ਕਰਾਰ ਦਿੱਤਾ ਅਤੇ ਭਾਰਤ ਦੇ ਨਾਲ ਵਪਾਰ ਸਮੇਤ ਸਾਰੇ ਸਬੰਧ ਤੋੜ ਲਏ।

ਇਹ ਵੀ ਪੜ੍ਹੋ: UNHRC 'ਚ ਭਾਰਤ ਨੇ ਪਾਕਿਸਤਾਨ 'ਤੇ ਬੋਲਿਆ ਸ਼ਬਦੀ ਹਮਲਾ , ਦੱਸਿਆ 'ਦੁਨੀਆ ਦੀ ਅੱਤਵਾਦ ਫੈਕਟਰੀ'

ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਜ਼ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਰਸੂਲ ਬਖਸ਼ ਰਈਸ ਨੇ ਦੱਸਿਆ ਕਿ 2019 ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਮਤਭੇਦ ਵਧੇ ਹਨ ਅਤੇ ਇਹ ਤੈਅ ਕਰਨਾ ਸੌਖਾ ਨਹੀਂ ਹੈ ਕਿ ਦੋਵੇਂ ਧਿਰਾਂ ਸੁਲ੍ਹਾ-ਸਫਾਈ ਵੱਲ ਕਿਵੇਂ ਵਧ ਸਕਦੀਆਂ ਹਨ। ਉਨ੍ਹਾਂ ਕਿਹਾ, ‘ਮੈਨੂੰ ਰੁਖ ’ਚ ਤੱਤਕਾਲ ਕੋਈ ਤਬਦੀਲੀ ਜਾਂ ਮੁੜ ਤੋਂ ਗੱਲਬਾਤ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਦਿਸ ਰਹੀ ਕਿਉਂਕਿ ਭਾਰਤ ਵਿਚ ਵੀ ਆਮ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਬਾਰੇ ਆਪਣਾ ਵਿਚਾਰ ਬਦਲਣਾ ਨਹੀਂ ਚਾਹੁੰਣਗੇ।’’ ਪਾਕਿਸਤਾਨ ਇਸ ਗੱਲ ’ਤੇ ਜ਼ੋਰ ਦੇ ਰਿਹਾ ਹੈ ਕਿ ਸਬੰਧਾਂ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਭਾਰਤ ’ਤੇ ਹੈ ਅਤੇ ਉਸ ਨਾਲ ਗੱਲਬਾਤ ਸ਼ੁਰੂ ਕਰਨ ਦੀ ਪਹਿਲੀ ਸ਼ਰਤ ਵਜੋਂ ਕਸ਼ਮੀਰ ਨਾਲ ਜੁੜੇ ਉਸਦੇ ‘ਇਕਪਾਸੜ’ ਕਦਮਾਂ ਨੂੰ ਵਾਪਸ ਲੈਣ ਦੀ ਅਪੀਲ ਕਰ ਰਿਹਾ ਹੈ। ਭਾਰਤ ਨੇ ਇਸ ਸੁਝਾਅ ਨੂੰ ਖਾਰਿਜ ਦਿੱਤਾ ਅਤੇ ਪਾਕਿਸਤਾਨ ਨੂੰ ਸਪੱਸ਼ਟ ਕਰ ਦਿੱਤਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਤ ਪ੍ਰਦੇਸ਼ ਉਸ ਦੇ ਅਟੁੱਟ ਅਤੇ ਅਨਿੱਖੜਵੇਂ ਅੰਗ ਹਨ। ਪ੍ਰੋਫੈਸਰ ਰਈਸ ਨੇ ਕਿਹਾ, ‘ਪਾਕਿਸਤਾਨ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਸ਼ਰਤਾਂ ਰੱਖਣ ਦੀ ਸਥਿਤੀ 'ਚ ਨਹੀਂ ਹੈ ਕਿਉਂਕਿ ਸਮੇਂ ਦੇ ਨਾਲ ਭਾਰਤ ਮਜ਼ਬੂਤ ​​ਹੋ ਗਿਆ ਹੈ ਅਤੇ ਪਾਕਿਸਤਾਨ ਕਮਜ਼ੋਰ ਹੋਇਆ ਹੈ।’

ਇਹ ਵੀ ਪੜ੍ਹੋ: ਵੱਡਾ ਹਾਦਸਾ: ਟਰਾਲੇ ਨੇ ਵੈਨ ਨੂੰ ਮਾਰੀ ਟੱਕਰ, ਮਚੇ ਅੱਗ ਦੇ ਭਾਂਬੜ, 9 ਲੋਕਾਂ ਦੀ ਦਰਦਨਾਕ ਮੌਤ

ਸਰਗੋਧਾ ਯੂਨੀਵਰਸਿਟੀ ਵਿਚ ਰਾਜਨੀਤੀ ਅਤੇ ਅੰਤਰਰਾਸ਼ਟਰੀ ਸਬੰਧ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ: ਅਸ਼ਫਾਕ ਅਹਿਮਦ ਨੇ ਕਿਹਾ ਕਿ ਸ਼ੁਰੂਆਤ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਦਾ ਪੂਰਾ ਧਿਆਨ ਗਠਜੋੜ ਸਰਕਾਰ ਨੂੰ ਸਥਿਰ ਕਰਨ ’ਤੇ ਹੋਵੇਗਾ ਅਤੇ ਉਨ੍ਹਾਂ ਲਈ ਵਿਸ਼ੇਸ਼ ਤੌਰ ’ਤੇ ਭਾਰਤ ਨਾਲ ਸਬੰਧਾਂ ’ਤੇ ਧਿਆਨ ਕੇਂਦਰਿਤ ਕਰਨਾ ਸੰਭਵ ਨਹੀਂ ਹੋਵੇਗਾ। ਉਨ੍ਹਾਂ ਕਿਹਾ, ‘ਪਰ ਬਾਅਦ ਵਿਚ, ਸ਼ਾਇਦ 6 ਮਹੀਨਿਆਂ ਬਾਅਦ, ਜੇਕਰ ਸਰਕਾਰ ਦੇਸ਼ ਵਿਚ ਵਪਾਰ ਅਤੇ ਪਾਣੀ ਦੀ ਕਮੀ ਵਰਗੇ ਕੁਝ ਪ੍ਰਮੁੱਖ ਮੁੱਦਿਆਂ ਦਾ ਹੱਲ ਕਰਨਾ ਚਾਹੁੰਦੀ ਹੈ ਤਾਂ ਉਸਨੂੰ ਭਾਰਤ ਨਾਲ ਸਬੰਧਾਂ ਨੂੰ ਅੱਗੇ ਵਧਾਉਣਾ ਹੋਵੇਗਾ।” ਅਹਿਮਦ ਨੇ ਇਹ ਵੀ ਕਿਹਾ ਕਿ ਜਦੋਂ ਵੀ ਪਾਕਿਸਤਾਨ ਸਰਕਾਰ ਗੱਲਬਾਤ ਮੁੜ ਸ਼ੁਰੂ ਕਰਨ ਲਈ ਆਪਣੀ ਤਿਆਰੀ ਦਾ ਸੰਕੇਤ ਦੇਵੇਗੀ , ਉਦੋਂ ਭਾਰਤ ਦੀ ਪ੍ਰਤੀਕਿਰਿਆ ਦੇਖਣਾ ਦਿਲਚਸਪ ਹੋਵੇਗਾ। ਰਈਸ ਨੇ ਕਿਹਾ ਕਿ ਵਪਾਰ ਅਤੇ ਹੋਰ ਸਬੰਧਤ ਮੁੱਦਿਆਂ ’ਤੇ ਗੱਲਬਾਤ ਸ਼ੁਰੂ ਹੋ ਸਕਦੀ ਹੈ ਅਤੇ ਦੋਵੇਂ ਧਿਰਾਂ ਵਿਸ਼ਵਾਸ ਬਣਾਉਣ ਲਈ ਕਸ਼ਮੀਰ ਮੁੱਦੇ ’ਤੇ ਗੱਲ ਕਰ ਸਕਦੀਆਂ ਹਨ। ਉਨ੍ਹਾਂ ਕਿਹਾ, ‘ਪਰ ਇਹ ਸਮਝਣਾ ਜ਼ਰੂਰੀ ਹੈ ਕਿ ਪਾਕਿਸਤਾਨ ਭਾਰਤ ਨਾਲ ਉਦੋਂ ਹੀ ਗੱਲਬਾਤ ਕਰੇਗਾ ਜਦੋਂ ਉਸ ਨੂੰ ਲੱਗੇਗਾ ਕਿ ਉਹ ਉਸ ਦੇ ਹੱਕ ਵਿਚ ਹੈ ਅਤੇ ਉਸ ਨੂੰ ਕੁਝ ਫਾਇਦਾ ਹੋਵੇਗਾ। ਨਹੀਂ ਤਾਂ, ਉਹ ਗੱਲਬਾਤ ਲਈ ਚਾਹਵਾਨ ਨਹੀਂ ਹੋਵੇਗਾ।”

ਇਹ ਵੀ ਪੜ੍ਹੋ: ਇਜ਼ਰਾਈਲ-ਹਮਾਸ ਯੁੱਧ 'ਚ ਇਕ ਭਾਰਤੀ ਦੀ ਮੌਤ, 2 ਜ਼ਖ਼ਮੀ, India ਦੇ ਇਸ ਸੂਬੇ ਦੇ ਰਹਿਣ ਵਾਲੇ ਹਨ ਤਿੰਨੋਂ ਪੀੜਤ

ਪ੍ਰਧਾਨ ਮੰਤਰੀ ਸ਼ਹਿਬਾਜ਼ ਅਹੁਦਾ ਮਿਲਦੇ ਹੀ ਅਲਾਪ ਚੁੱਕੇ ਕਸ਼ਮੀਰ ਦਾ ਰਾਗ

ਪਾਕਿਸਤਾਨ ’ਚ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਤੋਂ ਆਸ ਬੱਝੀ ਹੈ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਅੜਿੱਕੇ ਨੂੰ ਖ਼ਤਮ ਕਰਨ ਅਤੇ ਭਾਰਤ ਨਾਲ ਖਰਾਬ ਸਬੰਧਾਂ ਨੂੰ ਸੁਧਾਰਨ ਲਈ ਹਾਂਪੱਖੀ ਕਦਮ ਚੁੱਕ ਸਕਦੇ ਹਨ। ਪਾਕਿਸਤਾਨ ਦੇ ਨਵੇਂ ਚੁਣੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਐਤਵਾਰ ਨੂੰ ਆਪਣੇ ਪਹਿਲੇ ਭਾਸ਼ਣ ’ਚ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ। ਹਾਲਾਂਕਿ, ਉਨ੍ਹਾਂ ਨੇ ਗੁਆਂਢੀਆਂ ਸਮੇਤ ਸਾਰੇ ਪ੍ਰਮੁੱਖ ਦੇਸ਼ਾਂ ਨਾਲ ਸਬੰਧਾਂ ਨੂੰ ਸੁਧਾਰਨ ਦਾ ਵਾਅਦਾ ਵੀ ਕੀਤਾ। ਸ਼ਾਹਬਾਜ਼ ਨੇ ਕਿਹਾ, ‘ਅਸੀਂ ਆਪਣੇ ਗੁਆਂਢੀਆਂ ਨਾਲ ਬਰਾਬਰੀ ਦੇ ਆਧਾਰ ’ਤੇ ਸਬੰਧ ਬਣਾ ਕੇ ਰੱਖਾਂਗੇ।’ ਉਨ੍ਹਾਂ ਕਸ਼ਮੀਰ ਦਾ ਮੁੱਦਾ ਚੁੱਕਿਆ ਅਤੇ ਇਸ ਦੀ ਤੁਲਨਾ ਫਿਲਸਤੀਨ ਨਾਲ ਕੀਤੀ। ਉਨ੍ਹਾਂ ਕਿਹਾ, “ਆਓ ਅਸੀਂ ਸਾਰੇ ਇਕੱਠੇ ਹੋਈਏ… ਅਤੇ ਨੈਸ਼ਨਲ ਅਸੈਂਬਲੀ ਨੂੰ ਕਸ਼ਮੀਰੀਆਂ ਅਤੇ ਫਿਲਸਤੀਨੀਆਂ ਦੀ ਆਜ਼ਾਦੀ ਲਈ ਮਤਾ ਪਾਸ ਕਰਨਾ ਚਾਹੀਦਾ ਹੈ।”

ਇਹ ਵੀ ਪੜ੍ਹੋ: ਆਖ਼ਿਰਕਾਰ ਮਿਲ ਹੀ ਗਿਆ ਪਾਕਿਸਤਾਨ ਨੂੰ ਨਵਾਂ PM, ਸ਼ਾਹਬਾਜ਼ ਸ਼ਰੀਫ ਨੇ 24ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News