ਪਾਕਿ ਅਦਾਲਤ ''ਚ ਈਸ਼ਨਿੰਦਾ ਦੇ ਦੋਸ਼ੀ ਅਮਰੀਕੀ ਨਾਗਰਿਕ ਦਾ ਕਤਲ, ਭੜਕਿਆ US

Thursday, Jul 30, 2020 - 06:24 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪੇਸ਼ਾਵਰ ਵਿਚ ਈਸ਼ਨਿੰਦਾ ਦੇ ਦੋਸ਼ੀ ਇਕ ਵਿਅਕਤੀ ਨੂੰ ਜੱਜ ਦੇ ਸਾਹਮਣੇ ਅਦਾਲਤ ਵਿਚ ਗੋਲੀਆਂ ਮਾਰ ਦਿੱਤੀਆਂ ਗਈਆਂ। ਭਰੀ ਅਦਾਲਤ ਵਿਚ ਹਮਲਾਵਰਾਂ ਨੇ 6 ਗੋਲੀਆਂ ਦਾਗ ਕੇ ਤਾਹਿਰ ਨਸੀਮ ਨਾਮ ਦੇ ਵਿਅਕਤੀ ਦਾ ਕਤਲ ਕਰ ਦਿੱਤਾ, ਜੋ ਅਹਿਮਦੀ ਭਾਈਚਾਰੇ ਨਾਲ ਸਬੰਧ ਰੱਖਦਾ ਸੀ। ਇਸ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਇੱਥੋਂ ਤੱਕ ਕਿ ਅਮਰੀਕਾ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਮਾਮਲੇ 'ਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। 

ਤਾਹਿਰ ਨਸੀਮ ਨੂੰ 2 ਸਾਲ ਪਹਿਲਾਂ ਪੇਸ਼ਾਵਰ ਵਿਚ ਹੀ ਈਸ਼ਨਿੰਦਾ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਪੈਗੰਬਰ ਮੁਹੰਮਦ 'ਤੇ ਟਿੱਪਣੀ ਕਰਨ ਦਾ ਦੋਸ਼ ਸੀ। ਬੁੱਧਵਾਰ ਨੂੰ ਪੇਸ਼ਾਵਰ ਦੀ ਅਦਾਲਤ ਵਿਚ ਜਦੋਂ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ, ਉਦੋਂ ਜੱਜ ਦੇ ਸਾਹਮਣੇ ਹੀ ਕੁਝ ਲੋਕ ਆਏ ਅਤੇ ਲਗਾਤਾਰ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਹਮਲੇ ਵਿਚ ਤਾਹਿਰ ਨੂੰ 6 ਗੋਲੀਆਂ ਲੱਗੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। ਪਾਕਿਸਤਾਨ ਦੀ ਸਥਾਈ ਮੀਡੀਆ ਮੁਤਾਬਕ, ਤਾਹਿਰ 2018 ਤੋਂ ਹੀ ਪੁਲਸ ਦੀ ਹਿਰਾਸਤ ਵਿਚ ਸੀ। ਉਸ 'ਤੇ ਕਈ ਮਾਮਲਿਆਂ ਵਿਚ ਮੁਕੱਦਮਾ ਚੱਲ ਰਿਹਾ ਸੀ। ਜਿਹੜੀਆਂ ਧਾਰਾਵਾਂ ਉਸ 'ਤੇ ਲਗਾਈਆਂ ਗਈਆਂ ਸਨ ਉਹਨਾਂ ਵਿਚ ਵੱਧ ਤੋਂ ਵੱਧ ਸਜ਼ਾ ਫਾਂਸੀ ਦੀ ਹੈ।

ਪੜ੍ਹੋ ਇਹ ਅਹਿਮ ਖਬਰ- ਯੂਕੇ ਤੋਂ 9ਵੀਂ ਸਦੀ ਦੀ ਭਗਵਾਨ ਸ਼ਿਵ ਦੀ ਮੂਰਤੀ ਭਾਰਤ ਲਿਆਂਦੀ ਜਾਵੇਗੀ ਵਾਪਸ

ਇਸ ਘਟਨਾ 'ਤੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਦੱਖਣੀ ਏਸ਼ੀਆਈ ਵਿਭਾਗ ਦਾ ਟਵੀਟ ਆਇਆ ਹੈ। ਟਵੀਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਅਦਾਲਤ ਵਿਚ ਮਾਰੇ ਗਏ ਅਮਰੀਕੀ ਨਾਗਰਿਕ ਤਾਹਿਰ ਨਸੀਮ ਦੇ ਪਰਿਵਾਰ ਦੇ ਪ੍ਰਤੀ ਅਸੀਂ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਪਾਕਿਸਤਾਨ ਨੂੰ ਅਪੀਲ ਕਰਦੇ ਹਾਂ ਕਿ ਉਹ ਦੋਸ਼ੀਆਂ 'ਤੇ ਸਖਤ ਕਾਰਵਾਈ ਕਰੇ ਅਤੇ ਅੱਗੇ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਰੋਕ ਲਗਾਏ। 

 

ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਈਸ਼ਨਿੰਦਾ ਨੂੰ ਲੈ ਕੇ ਕਾਫੀ ਸਖਤ ਕਾਨੂੰਨ ਹੈ, ਜਿਸ 'ਤੇ ਕਈ ਵਾਰ ਹੰਗਾਮਾ ਵੀ ਹੋ ਚੁੱਕਾ ਹੈ। ਦੂਜੇ ਪਾਸੇ ਅਹਿਮਦੀ ਭਾਈਚਾਰੇ ਦੇ ਲੋਕਾਂ ਨੂੰ ਗੈਰ-ਮੁਸਲਿਮ ਘੋਸ਼ਿਤ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਪਿਛਲੇ ਕਾਫੀ ਸਮੇਂ ਵਿਚ ਇੱਥੇ ਅਹਿਮਦੀ ਲੋਕਾਂ 'ਤੇ ਹਮਲੇ ਵਧੇ ਹਨ। ਇਕ ਰਿਪੋਰਟ ਮੁਤਾਬਕ ਪਿਛਲੇ ਦੋ ਦਹਾਕਿਆਂ ਵਿਚ 100 ਦੇ ਕਰੀਬ ਅਹਿਮਦੀ ਭਾਈਚਾਰੇ ਦੇ ਲੋਕਾਂ ਦੀ ਪਾਕਿਸਤਾਨ ਵਿਚ ਹੱਤਿਆ ਕਰ ਦਿੱਤੀ ਗਈ। ਇਸ ਦੇ ਇਲਾਵਾ ਸਮਾਜਿਕ ਪੱਧਰ 'ਤੇ ਕਾਫੀ ਗੁੱਸਾ ਦੇਖਣ ਨੂੰ ਮਿਲਿਆ ਹੈ ਅਤੇ ਹਜ਼ਾਰਾਂ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕੀਤਾ।


Vandana

Content Editor

Related News