ਅਫ਼ਗਾਨਿਸਤਾਨ ''ਚ ਪਾਕਿਸਤਾਨੀ ਏਅਰਸਟ੍ਰਾਈਕ, 10 ਨਾਗਰਿਕਾਂ ਦੀ ਮੌਤ, 9 ਜ਼ਖ਼ਮੀ
Thursday, Oct 01, 2026 - 10:15 PM (IST)
ਕਾਬੁਲ : ਅਫ਼ਗਾਨਿਸਤਾਨ ਦੇ ਕੁਨੜ ਅਤੇ ਹੇਲਮੰਦ ਸੂਬਿਆਂ ਵਿੱਚ ਪਾਕਿਸਤਾਨ ਵੱਲੋਂ ਕੀਤੇ ਗਏ ਹਵਾਈ ਹਮਲਿਆਂ (ਏਅਰਸਟ੍ਰਾਈਕ) ਵਿੱਚ ਘੱਟੋ-ਘੱਟ 10 ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ 9 ਹੋਰ ਜ਼ਖ਼ਮੀ ਹੋ ਗਏ ਹਨ। ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੇ ਸਹਾਇਤਾ ਮਿਸ਼ਨ (UNAMA) ਅਨੁਸਾਰ ਮਾਰੇ ਗਏ ਲੋਕਾਂ ਵਿੱਚੋਂ ਜ਼ਿਆਦਾਤਰ ਬੱਚੇ ਹਨ। ਸੰਯੁਕਤ ਰਾਸ਼ਟਰ ਨੇ ਸਰਹੱਦ ਪਾਰ ਚੱਲ ਰਹੀ ਹਿੰਸਾ 'ਤੇ ਚਿੰਤਾ ਪ੍ਰਗਟ ਕਰਦਿਆਂ ਤਣਾਅ ਘਟਾਉਣ, ਆਪਸੀ ਗੱਲਬਾਤ ਕਰਨ ਅਤੇ ਅੰਤਰਰਾਸ਼ਟਰੀ ਕਾਨੂੰਨ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ।
ਤਾਲਿਬਾਨ ਦੇ ਬੁਲਾਰੇ ਜ਼ਬੀਹੁਲਾ ਮੁਜਾਹਿਦ ਨੇ ਇਨ੍ਹਾਂ ਹਵਾਈ ਹਮਲਿਆਂ ਦੀ ਨਿੰਦਾ ਕਰਦਿਆਂ ਇਸ ਨੂੰ ਅੰਤਰਰਾਸ਼ਟਰੀ ਨਿਯਮਾਂ ਦਾ ਘੋਰ ਉਲੰਘਣ ਅਤੇ ਅਪਰਾਧ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਜਹਾਜ਼ਾਂ ਨੇ ਬੁੱਧਵਾਰ ਰਾਤ ਕੁਨੜ ਦੇ ਸ਼ੁਲਤਾਨ ਜ਼ਿਲ੍ਹੇ ਦੇ ਚੁਗਾਮ ਖੇਤਰ ਅਤੇ ਹੇਲਮੰਦ ਦੇ ਗਰਮਸੇਰ ਜ਼ਿਲ੍ਹੇ ਦੇ ਸਫ਼ਰ ਖੇਤਰ ਵਿੱਚ ਰਿਹਾਇਸ਼ੀ ਘਰਾਂ 'ਤੇ ਬੰਬਾਰੀ ਕੀਤੀ। ਮੁਜਾਹਿਦ ਅਨੁਸਾਰ ਇਨ੍ਹਾਂ ਹਮਲਿਆਂ ਵਿੱਚ ਔਰਤਾਂ ਤੇ ਬੱਚਿਆਂ ਸਮੇਤ ਅਫ਼ਗਾਨ ਨਾਗਰਿਕ ਮਾਰੇ ਗਏ, 11 ਜ਼ਖ਼ਮੀ ਹੋਏ ਅਤੇ 3 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ।
ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਰਿਹਾਇਸ਼ੀ ਇਲਾਕਿਆਂ 'ਤੇ ਹੋਏ ਹਮਲਿਆਂ ਦੀ ਨਿੰਦਾ ਕਰਦਿਆਂ ਇਸ ਨੂੰ ਦੇਸ਼ ਦੀ ਪ੍ਰਭੂਸੱਤਾ ਅਤੇ ਸਰਹੱਦਾਂ 'ਤੇ ਹਮਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੇ ਲੋਕ ਇਕਜੁੱਟ ਹੋ ਕੇ ਆਪਣੀ ਮਾਤ-ਭੂਮੀ ਦੀ ਰੱਖਿਆ ਕਰਨਗੇ। ਕਰਜ਼ਈ ਨੇ ਪਾਕਿਸਤਾਨ ਨੂੰ ਆਪਣੀਆਂ ਦੁਸ਼ਮਣੀ ਭਰੀਆਂ ਨੀਤੀਆਂ 'ਤੇ ਮੁੜ ਵਿਚਾਰ ਕਰਨ, ਅੱਤਵਾਦ ਤੇ ਵੰਡ ਨੂੰ ਹੁਲਾਰਾ ਦੇਣਾ ਬੰਦ ਕਰਨ ਅਤੇ ਇੱਕ ਚੰਗੇ ਗੁਆਂਢੀ ਵਾਂਗ ਸੱਭਿਅਕ ਸਬੰਧ ਕਾਇਮ ਕਰਨ ਦੀ ਅਪੀਲ ਕੀਤੀ।
ਪਿਛਲੇ ਕੁੱਲ ਦਿਨਾਂ ਤੋਂ ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਦੇ ਵੱਖ-ਵੱਖ ਸੂਬਿਆਂ ਵਿੱਚ ਹਵਾਈ ਹਮਲੇ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ 24 ਸਤੰਬਰ ਨੂੰ ਕੰਧਾਰ, ਪਕਤੀਆ ਅਤੇ ਖੋਸਤ ਵਿੱਚ ਹੋਏ ਹਮਲਿਆਂ ਵਿੱਚ 4 ਨਾਗਰਿਕ ਮਾਰੇ ਗਏ ਸਨ। ਜਦਕਿ 21 ਸਤੰਬਰ ਨੂੰ ਕੁਨੜ ਅਤੇ ਪਕਤੀਕਾ ਪ੍ਰਾਂਤਾਂ ਵਿੱਚ ਕੀਤੇ ਗਏ ਹਮਲਿਆਂ ਵਿੱਚ 3 ਲੋਕਾਂ ਦੀ ਜਾਨ ਗਈ ਸੀ।
