ਪਾਕਿਸਤਾਨੀ ਰੱਖਿਆ ਮੰਤਰੀ ਦਾ ਸ਼ਰਮਨਾਕ ਕਾਰਾ ! ਅਫ਼ਗਾਨਿਸਤਾਨ ਦੀ ਮਹਿਲਾ ਪੱਤਰਕਾਰ ਨੂੰ ਦਿੱਤੀ ''ਧਮਕੀ''

Monday, Sep 28, 2026 - 05:22 PM (IST)

ਪਾਕਿਸਤਾਨੀ ਰੱਖਿਆ ਮੰਤਰੀ ਦਾ ਸ਼ਰਮਨਾਕ ਕਾਰਾ ! ਅਫ਼ਗਾਨਿਸਤਾਨ ਦੀ ਮਹਿਲਾ ਪੱਤਰਕਾਰ ਨੂੰ ਦਿੱਤੀ ''ਧਮਕੀ''

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਦਾ ਇਕ ਅਫ਼ਗਾਨ ਮਹਿਲਾ ਪੱਤਰਕਾਰ ਦੇ ਸਵਾਲ ’ਤੇ ਦਿੱਤਾ ਜਵਾਬ ਵਿਵਾਦਾਂ ਵਿਚ ਆ ਗਿਆ ਹੈ। ਪੱਤਰਕਾਰ ਨੇ ਪਾਕਿਸਤਾਨ ਦੇ ਤਾਲਿਬਾਨ ਨਾਲ ਸਬੰਧਾਂ ਅਤੇ ਅਫ਼ਗਾਨ ਔਰਤਾਂ ਬਾਰੇ ਤਾਲਿਬਾਨ ਦੀਆਂ ਨੀਤੀਆਂ ’ਤੇ ਸਵਾਲ ਪੁੱਛਿਆ ਸੀ।

ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਸਵਾਲ ਸੁਣਨ ਦੌਰਾਨ ਆਸਿਫ਼ ਨੇ ਪੱਤਰਕਾਰ ਨੂੰ ਵਿਚਾਲੇ ਰੋਕ ਦਿੱਤਾ ਅਤੇ ਉਸ ਦੇ ਪਹਿਰਾਵੇ ਵੱਲ ਇਸ਼ਾਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਗਲੇ ’ਤੇ ਹੱਥ ਫੇਰਨ ਦਾ ਇਸ਼ਾਰਾ ਕਰਦਿਆਂ ਕਿਹਾ, ‘‘ਅਜਿਹੇ ਵਾਪਸ ਨਾ ਜਾਣਾ। ਉਥੇ ਉਹ... ਨਹੀਂ ਤਾਂ ਉਹ...’’ ਉਨ੍ਹਾਂ ਦੇ ਇਸ ਇਸ਼ਾਰੇ ਨੂੰ ਸੋਸ਼ਲ ਮੀਡੀਆ ’ਤੇ ਕਈ ਲੋਕਾਂ ਨੇ ਧਮਕੀ ਵਜੋਂ ਦੇਖਿਆ ਅਤੇ ਇਸ ਦੀ ਤਿੱਖੀ ਆਲੋਚਨਾ ਕੀਤੀ।

ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਤੋਂ ਵੱਖ ਮਹਿਲਾ ਪੱਤਰਕਾਰ ਨੇ ਖ਼ਵਾਜਾ ਆਸਿਫ਼ ਤੋਂ ਪੁੱਛਿਆ ਸੀ ਕਿ ਤਾਲਿਬਾਨ ਲਈ ਪਾਕਿਸਤਾਨ ਦਾ ਹੁਣ ਕੀ ਸੁਨੇਹਾ ਹੈ ਅਤੇ ਕੀ ਉਹ ਅਫ਼ਗਾਨ ਔਰਤਾਂ ਨੂੰ ਲੈ ਕੇ ਆਪਣੀਆਂ ਨੀਤੀਆਂ ਬਦਲਣ ਲਈ ਕਹੇਗਾ।

ਪੱਤਰਕਾਰ ਨੇ ਇਹ ਵੀ ਸਵਾਲ ਕੀਤਾ ਕਿ ਜਦੋਂ ਤਾਲਿਬਾਨ ਨੂੰ ਪਾਕਿਸਤਾਨ ਦਾ ਦੋਸਤ ਮੰਨਿਆ ਜਾਂਦਾ ਸੀ, ਉਦੋਂ ਪਾਕਿਸਤਾਨ ਨੇ ਸ਼ੁਰੂਆਤ ਵਿਚ ਹੀ ਉਸ ਨੂੰ ਅਜਿਹੀਆਂ ਨੀਤੀਆਂ ਨਾ ਅਪਣਾਉਣ ਲਈ ਕਿਉਂ ਨਹੀਂ ਕਿਹਾ। ਆਸਿਫ਼ ਨੇ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ ਅਤੇ ਪੱਤਰਕਾਰ ਦੇ ਕੱਪੜਿਆਂ ਵੱਲ ਇਸ਼ਾਰਾ ਕਰਦਿਆਂ ਆਪਣੀ ਗੱਲ ਰੱਖੀ।

ਗਲੇ ’ਤੇ ਹੱਥ ਫੇਰਨ ਦਾ ਇਸ਼ਾਰਾ
ਸੋਸ਼ਲ ਮੀਡੀਆ ’ਤੇ ਕਈ ਯੂਜ਼ਰਸ ਨੇ ਕਿਹਾ ਕਿ ਗਲੇ ’ਤੇ ਹੱਥ ਫੇਰਨ ਦਾ ਇਸ਼ਾਰਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਜੇਕਰ ਪੱਤਰਕਾਰ ਅਫ਼ਗਾਨਿਸਤਾਨ ਵਾਪਸ ਜਾਂਦੀ ਹੈ ਤਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਹਾਲਾਂਕਿ, ਵੀਡੀਓ ਵਿਚ ਰੱਖਿਆ ਮੰਤਰੀ ਆਸਿਫ਼ ਨੇ ਸਿੱਧੇ ਤੌਰ ’ਤੇ ਪੱਤਰਕਾਰ ਨੂੰ ਜਾਨੋਂ ਮਾਰਨ ਦੀ ਗੱਲ ਨਹੀਂ ਕਹੀ।

ਉਨ੍ਹਾਂ ਦੀ ਟਿੱਪਣੀ ਅਤੇ ਇਸ਼ਾਰੇ ਤੋਂ ਬਾਅਦ ਉਥੇ ਮੌਜੂਦ ਆਸਿਫ਼ ਅਤੇ ਹੋਰ ਲੋਕਾਂ ਦੇ ਹੱਸਣ ’ਤੇ ਵੀ ਸੋਸ਼ਲ ਮੀਡੀਆ ਯੂਜ਼ਰਸ ਨੇ ਸਵਾਲ ਚੁੱਕੇ। ਯੂਜ਼ਰਸ ਨੇ ਕਿਹਾ ਕਿ ਪੱਤਰਕਾਰ ਨੇ ਤਾਲਿਬਾਨ ਦੀਆਂ ਔਰਤਾਂ ਨਾਲ ਜੁੜੀਆਂ ਨੀਤੀਆਂ ਅਤੇ ਪਾਕਿਸਤਾਨ ਦੇ ਰੁਖ਼ ਬਾਰੇ ਗੰਭੀਰ ਸਵਾਲ ਪੁੱਛਿਆ ਸੀ, ਜਿਸ ਦਾ ਜਵਾਬ ਦੇਣ ਦੀ ਬਜਾਏ ਅਜਿਹਾ ਇਸ਼ਾਰਾ ਕੀਤਾ ਗਿਆ।

ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ’ਤੇ ਤਣਾਅ
ਇਹ ਵਿਵਾਦ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਸਰਹੱਦ ’ਤੇ ਤਣਾਅ ਜਾਰੀ ਹੈ। ਰਿਪੋਰਟ ਮੁਤਾਬਕ, ਪਾਕਿਸਤਾਨ ਨੇ ਵੀਰਵਾਰ ਤੜਕੇ ਅਫ਼ਗਾਨਿਸਤਾਨ ਵਿਚ 10 ਟਿਕਾਣਿਆਂ ’ਤੇ ਸਟੀਕ ਹਵਾਈ ਅਤੇ ਡ੍ਰੋਨ ਹਮਲੇ ਕੀਤੇ। ਪਾਕਿਸਤਾਨ ਦੇ ਸੰਘੀ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਕਿਹਾ ਕਿ ਇਹ ਕਾਰਵਾਈ ਅਫ਼ਗਾਨਿਸਤਾਨ ਵਲੋਂ ਇਕ ਦਿਨ ਪਹਿਲਾਂ ਭੇਜੇ ਗਏ ਡ੍ਰੋਨ ਦੇ ਜਵਾਬ ਵਿਚ ਕੀਤੀ ਗਈ ਅਤੇ ਨਿਸ਼ਾਨਾ ਉਨ੍ਹਾਂ ਟਿਕਾਣਿਆਂ ਨੂੰ ਬਣਾਇਆ ਗਿਆ, ਜਿਥੇ ਡ੍ਰੋਨ ਲਾਂਚ ਅਤੇ ਸਟੋਰ ਕੀਤੇ ਜਾਣ ਦਾ ਦੋਸ਼ ਸੀ। ਉਨ੍ਹਾਂ ਨੇ ਕਾਰਵਾਈ ਨੂੰ ਫੌਜੀ ਟਿਕਾਣਿਆਂ ਤੱਕ ਹੀ ਸੀਮਤ ਦੱਸਿਆ ਸੀ।


author

Harpreet SIngh

Content Editor

Related News