ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਭਖ਼ਦੀ ਜਾ ਰਹੀ ਜੰਗ ! ਨਹੀਂ ਨਜ਼ਰ ਆ ਰਿਹਾ ਕੋਈ ਅੰਤ

Sunday, Sep 27, 2026 - 04:20 PM (IST)

ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਭਖ਼ਦੀ ਜਾ ਰਹੀ ਜੰਗ ! ਨਹੀਂ ਨਜ਼ਰ ਆ ਰਿਹਾ ਕੋਈ ਅੰਤ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਵਧਦਾ ਜਾ ਰਿਹਾ ਤਣਾਅ ਹੁਣ ਇੱਕ ਅਜਿਹੇ ਖ਼ਤਰਨਾਕ ਮੋੜ 'ਤੇ ਪਹੁੰਚ ਗਿਆ ਹੈ, ਜਿਸ ਦਾ ਨੇੜਲੇ ਭਵਿੱਖ 'ਚ ਕੋਈ ਅੰਤ ਨਜ਼ਰ ਨਹੀਂ ਆ ਰਿਹਾ। ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਦੀ ਧਰਤੀ 'ਤੇ ਕੀਤੇ ਜਾ ਰਹੇ ਲਗਾਤਾਰ ਹਵਾਈ ਅਤੇ ਡਰੋਨ ਹਮਲਿਆਂ ਨੇ ਦੋਹਾਂ ਗੁਆਂਢੀ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਵਿਗਾੜ ਦਿੱਤਾ ਹੈ।

24 ਸਤੰਬਰ 2026 ਨੂੰ ਪਾਕਿਸਤਾਨੀ ਫੌਜ ਨੇ ਅਫ਼ਗਾਨਿਸਤਾਨ ਦੇ ਕੰਧਾਰ, ਖੋਸਤ ਅਤੇ ਪਕਤੀਆ ਸਣੇ 10 ਵੱਖ-ਵੱਖ ਟਿਕਾਣਿਆਂ 'ਤੇ ਸਟੀਕ ਹਵਾਈ ਅਤੇ ਡਰੋਨ ਹਮਲੇ ਕੀਤੇ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਇਨ੍ਹਾਂ ਨੂੰ ਅੱਤਵਾਦੀ ਠਿਕਾਣਿਆਂ ਖ਼ਿਲਾਫ਼ ਸੀਮਤ ਫੌਜੀ ਕਾਰਵਾਈ ਦੱਸਿਆ ਹੈ। 

ਇਹ ਹਮਲੇ 18 ਸਤੰਬਰ ਨੂੰ ਖੈਬਰ ਪਖਤੂਨਖਵਾ ਦੇ ਕੋਹਾਟ 'ਚ ਪੁਲਸ ਕੰਪਾਊਂਡ 'ਤੇ ਹੋਏ ਆਤਮਘਾਤੀ ਹਮਲੇ ਦੇ ਜਵਾਬ ਵਿੱਚ ਕੀਤੇ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨਾਲ ਜੁੜੇ ਗੁੱਟ 'ਇੱਤੇਹਾਦੁਲ ਮੁਜਾਹਿਦੀਨ ਪਾਕਿਸਤਾਨ' (IMP) ਨੇ ਲਈ ਸੀ।

ਇਸ ਤੋਂ ਪਹਿਲਾਂ 21 ਸਤੰਬਰ ਨੂੰ ਕੁਨੜ ਅਤੇ ਪਕਤੀਕਾ ਵਿੱਚ ਹੋਏ ਪਾਕਿਸਤਾਨੀ ਹਮਲਿਆਂ ਵਿੱਚ 3 ਆਮ ਨਾਗਰਿਕਾਂ ਦੀ ਮੌਤ ਹੋਈ ਸੀ, ਜਿਸ ਤੋਂ ਬਾਅਦ ਕਾਬੁਲ ਵਿੱਚ ਪਾਕਿਸਤਾਨ ਵਿਰੋਧੀ ਭਾਰੀ ਪ੍ਰਦਰਸ਼ਨ ਵੇਖਣ ਨੂੰ ਮਿਲੇ। ਪਾਕਿਸਤਾਨ ਦਾ ਇਲਜ਼ਾਮ ਹੈ ਕਿ ਅਫ਼ਗਾਨ ਤਾਲਿਬਾਨ TTP ਦੇ ਲੜਾਕਿਆਂ ਨੂੰ ਆਪਣੀ ਧਰਤੀ 'ਤੇ ਪਨਾਹ ਦੇ ਰਹੇ ਹਨ, ਜਿੱਥੋਂ ਉਹ ਪਾਕਿਸਤਾਨ 'ਚ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਸੰਯੁਕਤ ਰਾਸ਼ਟਰ (UN) ਦੀ ਨਿਗਰਾਨੀ ਕਮੇਟੀ ਦੀ ਅਗਸਤ 2026 ਦੀ ਰਿਪੋਰਟ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਫ਼ਗਾਨ ਤਾਲਿਬਾਨ TTP ਨੂੰ ਸਮਰਥਨ ਦੇ ਰਹੇ ਹਨ। 

ਰਿਪੋਰਟਾਂ ਅਨੁਸਾਰ, ਅਫ਼ਗਾਨ ਤਾਲਿਬਾਨ ਨੇ ਲਗਭਗ 2,000 TTP ਲੜਾਕਿਆਂ ਨੂੰ ਪਾਕਿਸਤਾਨੀ ਸਰਹੱਦ ਤੋਂ ਹਟਾ ਕੇ ਅਫ਼ਗਾਨਿਸਤਾਨ ਦੇ ਅੰਦਰੂਨੀ ਹਿੱਸਿਆਂ ਵਿੱਚ ਤਬਦੀਲ ਕੀਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੀ ਸਰਹੱਦ ਪਾਰ ਹਵਾਈ ਹਮਲਿਆਂ ਦੀ ਨੀਤੀ ਅਫ਼ਗਾਨਿਸਤਾਨ ਅੰਦਰ ਪਾਕਿਸਤਾਨ ਵਿਰੋਧੀ ਭਾਵਨਾਵਾਂ ਨੂੰ ਹੋਰ ਭੜਕਾ ਰਹੀ ਹੈ। ਅਫ਼ਗਾਨ ਤਾਲਿਬਾਨ ਦਬਾਅ ਅੱਗੇ ਝੁਕਣ ਲਈ ਤਿਆਰ ਨਹੀਂ ਹਨ, ਜਿਸ ਕਾਰਨ ਦੋਵਾਂ ਦੇਸ਼ਾਂ ਦੇ ਸਰਹੱਦੀ ਇਲਾਕਿਆਂ 'ਚ ਅਸ਼ਾਂਤੀ ਦਾ ਇਹ ਦੌਰ ਇੱਕ ਖੁੱਲ੍ਹੀ ਜੰਗ ਦਾ ਰੂਪ ਧਾਰਨ ਕਰ ਰਿਹਾ ਹੈ, ਜਿਸ ਦਾ ਕੋਈ ਹੱਲ ਫਿਲਹਾਲ ਨਜ਼ਰ ਨਹੀਂ ਆ ਰਿਹਾ।


author

Harpreet SIngh

Content Editor

Related News