ਪਾਕਿ ’ਚ ਹੁਣ ਹੋਵੇਗਾ ਸਿਵਲ ਮਿਲਟਰੀ ਰੂਲ, ਬਦਲੇਗਾ ਸੰਵਿਧਾਨ
Friday, Nov 07, 2025 - 05:18 AM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) - ਪਾਕਿਸਤਾਨ ’ਚ ਹੁਣ ਫੌਜ ਪਰਦੇ ਦੇ ਪਿੱਛੇ ਨਹੀਂ ਸਗੋਂ ਖੁੱਲ੍ਹ ਕੇ ਰਾਜ ਕਰੇਗੀ। ਇਸ ਦੇ ਲਈ ਪਾਕਿਸਤਾਨ ਦੀ ਸ਼ਾਹਬਾਜ ਸਰੀਫ ਸਰਕਾਰ 27ਵੀਂ ਸੰਵਿਧਾਨਕ ਸੋਧ ਕਰਨ ਜਾ ਰਹੀ ਹੈ। ਇਸ ਦੇ ਪਿੱਛੇ ਅਸੀਮ ਮੁਨੀਰ ਨੂੰ ਬੇਹਿਸਾਬ ਤਾਕਤ ਦੇਣ ਦੀ ਯੋਜਨਾ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਸ਼ਾਹਬਾਜ਼ ਸ਼ਰੀਫ ਸਰਕਾਰ 27ਵੀਂ ਸੰਵਿਧਾਨਕ ਸੋਧ ਪੇਸ਼ ਕਰਨ ਜਾ ਰਹੀ ਹੈ। ਸ਼ਾਹਬਾਜ਼ ਸਰਕਾਰ ਦੇ ਇਸ ਕਦਮ ਨਾਲ ਦੇਸ਼ ਸਿਵਲੀਅਨ ਸ਼ਾਸਨ ਦੀ ਥਾਂ ਸਿਵਲ-ਮਿਲਟਰੀ ਰੂਲ ਲਈ ਪੂਰੀ ਤਰ੍ਹਾਂ ਤਿਆਰ ਦੱਸਿਆ ਜਾ ਰਿਹਾ ਹੈ।
ਪਾਕਿਸਤਾਨ ’ਚ ਹਾਲਾਂਕਿ ਫੌਜ ਹੀ ਅਸਲ ’ਚ ਪਰਦੇ ਦੇ ਪਿੱਛੇ ਰਾਜ ਕਰ ਰਹੀ ਹੈ ਪਰ ਹੁਣ ਇਸ ਨੂੰ ਸੰਵਿਧਾਨਕ ਮਨਜ਼ੂਰੀ ਮਿਲਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਦਮ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਦੀ ਸੇਵਾਮੁਕਤੀ ਦੇ ਮੱਦੇਨਜ਼ਰ ਚੁੱਕਿਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਅਸੀਮਤ ਸ਼ਕਤੀਆਂ ਮਿਲਣ ਜਾਣਗੀਆਂ ਅਤੇ ਉਹ ਸਿਵਲ ਸਰਕਾਰ ਦੇ ਸਹਿਯੋਗ ਨਾਲ ਪਾਕਿਸਤਾਨ ’ਤੇ ਰਾਜ ਕਰਨਗੇ।
ਸੂਤਰਾਂ ਅਨੁਸਾਰ 27ਵੀਂ ਸੰਵਿਧਾਨਕ ਸੋਧ ਦੇ ਪ੍ਰਸਤਾਵ ਨੂੰ 7 ਨਵੰਬਰ ਨੂੰ ਪਾਕਿਸਤਾਨੀ ਸੰਸਦ ’ਚ ਪੇਸ਼ ਕੀਤੇ ਜਾਣ ਦੀ ਤਿਆਰੀ ਹੈ। ਸੋਧ ਦਾ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਦੇ ਕਾਰਜਕਾਲ ਦੇ ਨਾਲ ਹੀ ਨਿਆਇਕ ਆਜ਼ਾਦੀ ਅਤੇ ਪਾਕਿਸਤਾਨ ’ਚ ਸੂਬਿਆਂ ਦੀਆਂ ਸ਼ਕਤੀਆਂ ’ਤੇ ਮਹੱਤਵਪੂਰਨ ਅਸਰ ਪੈ ਸਕਦਾ ਹੈ।
