ਪਾਕਿ ਨੇ ਵਿਦੇਸ਼ ਨੀਤੀ ''ਚ ਕੀਤਾ ਬਦਲਾਅ, ਸਾਊਦੀ ''ਚ ਤਾਇਨਾਤ ਕਰੇਗਾ ਫੌਜੀ

02/16/2018 7:39:43 PM

ਇਸਲਾਮਾਬਾਦ— ਪਾਕਿਸਤਾਨ ਨੇ ਆਪਣੀ ਵਿਦੇਸ਼ ਨੀਤੀ 'ਚ ਵੱਡਾ ਬਦਲਾਅ ਕਰਦੇ ਹੋਏ ਸਾਊਦੀ ਅਰਬ 'ਚ ਫੌਜੀਆਂ ਨੂੰ ਦੋ-ਪੱਖੀ ਸੁਰੱਖਿਆ ਸਹਿਯੋਗ ਦੇ ਤਹਿਤ ਤਾਇਨਾਤ ਕਰਨ ਦਾ ਫੈਸਲਾ ਲਿਆ ਹੈ। ਰਾਵਲਪਿੰਡੀ 'ਚ ਮੌਜੂਦ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਤੇ ਪਾਕਿਸਤਾਨ 'ਚ ਸਾਊਦੀ ਦੇ ਰਾਜਦੂਤ ਨਵਾਫ ਸਈਦ ਅਲਮਾਲਿਕੀ ਦੇ ਵਿਚਕਾਰ ਬੈਠਕ ਤੋਂ ਬਾਅਦ ਪਾਕਿਸਤਾਨ ਦੀ ਫੌਜ ਨੇ ਇਹ ਐਲਾਨ ਕੀਤਾ ਸੀ।
ਫੌਜ ਨੇ ਕਿਹਾ ਕਿ ਪਾਕਿਸਤਾਨ-ਸਾਊਦੀ ਦੋ-ਪੱਖੀ ਸੁਰੱਖਿਆ ਸਹਿਯੋਗ ਨੂੰ ਜਾਰੀ ਰੱਖਦੇ ਹੋਏ ਪਾਕਿਸਤਾਨੀ ਫੌਜ ਦੇ ਇਕ ਦਲ ਨੂੰ ਟ੍ਰੇਨਿੰਗ ਲਈ ਸਾਊਦੀ ਅਰਬ ਭੇਜ ਰਿਹਾ ਹੈ। ਇਨ੍ਹਾਂ ਫੌਜੀਆਂ ਨੂੰ ਤੇ ਉਥੇ ਪਹਿਲਾਂ ਤੋਂ ਮੌਜੂਦ ਫੌਜੀਆਂ ਨੂੰ ਸਾਊਦੀ ਅਰਬ ਤੋਂ ਬਾਹਰ ਤਾਇਨਾਤ ਨਹੀਂ ਕੀਤਾ ਜਾਵੇਗਾ।
ਫੌਜ ਨੇ ਕਿਹਾ ਕਿ ਪਾਕਿਸਤਾਨ ਕਈ ਹੋਰ ਖਾੜੀ ਤੇ ਖੇਤਰੀ ਦੇਸ਼ਾਂ ਦੇ ਨਾਲ ਦੋ-ਪੱਖੀ ਸਹਿਯੋਗ ਬਣਾਏ ਹੋਏ ਹਨ। ਫੌਜ ਵਲੋਂ ਦਿੱਤੇ ਗਏ ਬਿਆਨ ਦੇ ਮੁਤਾਬਕ ਬਾਜਵਾ ਤੇ ਰਾਜਦੂਤ ਦੇ ਵਿਚਕਾਰ ਬੈਠਕ 'ਚ ਪਰਸਪਰ ਹਿੱਤਾਂ ਦੇ ਮਾਮਲਿਆਂ ਦੇ ਨਾਲ ਹੀ ਖੇਤਰੀ ਸੁਰੱਖਿਆ ਦੀ ਸਥਿਤੀ 'ਤੇ ਚਰਚਾ ਕੀਤੀ ਗਈ। ਅਧਿਕਾਰੀਆਂ ਮੁਤਾਬਕ ਸਾਊਦੀ ਅਰਬ 'ਚ ਕਰੀਬ ਇਕ ਹਜ਼ਾਰ ਦੇ ਕਰੀਬ ਪਾਕਿਸਤਾਨੀ ਫੌਜੀ ਤਾਇਨਾਤ ਹਨ, ਜੋ ਕਿ ਵੱਖ-ਵੱਖ ਥਾਵਾਂ 'ਤੇ ਆਪਣੀ ਭੂਮਿਕਾ ਨਿਭਾ ਰਹੇ ਹਨ। ਇਕ ਅਖਬਾਰ ਮੁਤਾਬਕ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਨਵੀਂ ਤਾਇਨਾਤੀ ਡਿਵੀਜ਼ਨ ਤੋਂ ਕਾਫੀ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਬਾਕੀ ਜਾਣਕਾਰੀ ਬਾਅਦ 'ਚ ਦਿੱਤੀ ਜਾਵੇਗੀ।
ਸਾਊਦੀ 2015 ਤੋਂ ਬਣਾ ਰਿਹਾ ਸੀ ਦਬਾਅ
ਸਾਊਦੀ ਅਰਬ 2015 ਤੋਂ ਪਾਕਿਸਤਾਨ 'ਤੇ ਫੌਜੀ ਭੇਜਣ ਲਈ ਦਬਾਅ ਬਣਾ ਰਿਹਾ ਹੈ। ਉਸੇ ਸਾਲ 'ਚ ਸਾਊਦੀ ਯਮਨ ਦੇ ਗ੍ਰਹਿ ਯੁੱਧ 'ਚ ਪਿਆ ਸੀ। ਉਸ ਵੇਲੇ ਤੋਂ ਪਾਕਿਸਤਾਨ ਸਾਊਦੀ ਦੀ ਇਸ ਗੱਲ ਨੂੰ ਟਾਲਦਾ ਆਇਆ ਹੈ। ਪਾਕਿਸਤਾਨ ਦੀ ਕਹਿਣਾ ਸੀ ਕਿ ਉਹ ਖੇਤਰੀ ਵਿਵਾਦ 'ਚ ਨਹੀਂ ਪੈਣਾ ਚਾਹੁੰਦਾ।
ਪਾਕਿਸਤਾਨ 'ਚ ਦਿਖੇਗਾ ਅਸਰ
ਸਰਕਾਰ ਦੇ ਇਸ ਫੈਸਲੇ ਨਾਲ ਪਾਕਿਸਤਾਨ ਦੀ ਅੰਦਰੂਨੀ ਰਾਜਨੀਤੀ 'ਚ ਵੀ ਉਥਲ-ਪੁਥਲ ਹੋ ਸਕਦੀ ਹੈ, ਕਿਉਂਕਿ ਜੰਗ ਦੀ ਸ਼ੁਰੂਆਤ 'ਚ ਪਾਕਿਸਤਾਨ ਦੀ ਸੰਸਦ ਨੇ ਇਕ ਪ੍ਰਸਤਾਵ ਪਾਸ ਕੀਤਾ ਸੀ। ਉਸ ਨੇ ਕਿਹਾ ਸੀ ਕਿ ਯਮਨ ਸੰਕਟ 'ਚ ਉਹ ਜਿਵੇਂ ਦੇ ਤਿਵੇਂ ਬਣੇ ਰਹਿਣਗੇ। ਯਮਨ ਦਾ ਸੰਕਟ ਫਿਲਹਾਲ ਖਤਮ ਹੁੰਦਾ ਨਹੀਂ ਦਿਖ ਰਿਹਾ ਹੈ। ਯਮਨ ਵਲੋਂ ਕਥਿਤ ਤੌਰ 'ਤੇ ਸਾਊਦੀ 'ਤੇ ਮਿਜ਼ਾਇਲ ਦਾਗਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ।


Related News