ਇਮਰਾਨ ਖਾਨ ਦੀ ਰਿਹਾਈ ਲਈ ਸਮਰਥਕਾਂ ਨੇ ਸੜਕਾਂ ''ਤੇ ਕੱਢੀ ਵਿਸ਼ਾਲ ਰੈਲੀ

Tuesday, Aug 06, 2024 - 05:04 PM (IST)

ਪੇਸ਼ਾਵਰ : ਪਾਕਿਸਤਾਨ ਵਿਚ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਹਜ਼ਾਰਾਂ ਸਮਰਥਕਾਂ ਨੇ ਸੋਮਵਾਰ ਨੂੰ ਉਨ੍ਹਾਂ ਦੀ ਗ੍ਰਿਫਤਾਰੀ ਦਾ ਇਕ ਸਾਲ ਪੂਰਾ ਹੋਣ 'ਤੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਵਿਸ਼ਾਲ ਰੈਲੀ ਕੱਢੀ ਤੇ ਮਹੀਨੇ ਦੇ ਅਖੀਰ ਤਕ ਰਾਜਧਾਨੀ ਇਸਲਾਮਾਬਾਦ ਵਿਚ ਵੀ ਅਜਿਹੀ ਹੀ ਰੈਲੀ ਕਰ ਕੇ ਉਨ੍ਹਾਂ ਦੀ ਰਿਹਾਈ ਦੇ ਲਈ ਕੋਸ਼ਿਸ਼ ਕਰਨ ਦਾ ਤਹੱਈਆ ਕੀਤਾ। 

ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਪਾਰਟੀ ਸ਼ਾਸਿਤ ਸੂਬੇ ਦੇ ਸਵਾਬੀ ਜ਼ਿਲ੍ਹੇ ਵਿਚ ਸੋਮਵਾਰ ਨੂੰ ਰੈਲੀ ਕੀਤੀ। ਇਸ ਰੈਲੀ ਨੂੰ ਪਾਰਟੀ ਦੇ ਪ੍ਰਧਾਨ ਗੋਹਰ ਅਲੀ ਖਾਨ ਤੇ ਜਨਰਲ ਸਕੱਤਰ ਉਮਰ ਆਯੂਬ ਤੋਂ ਇਲਾਵਾ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗਾਂਦਪੁਰ ਨੇ ਸੰਬੋਧਿਤ ਕੀਤਾ। ਖਾਨ ਨੂੰ ਪਿਛਲੇ ਸਾਲ ਪੰਜ ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਅਟਲ ਜੇਲ੍ਹ ਲਿਜਾਇਆ ਗਿਆ ਸੀ। ਹਾਲਾਂਕਿ ਸਤੰਬਰ ਵਿਚ ਉਨ੍ਹਾਂ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਲਿਜਾਇਆ ਗਿਆ। ਅਗਸਤ 2018 ਤੋਂ ਅਪ੍ਰੈਲ 2022 ਤਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਖਾਨ 'ਤੇ 200 ਤੋਂ ਵਧੇਰੇ ਮੁਕੱਦਮੇ ਦਰਜ ਹਨ। 

ਪੀਟੀਆਈ ਨੇਤਾਵਾਂ ਨੇ ਕਿਹਾ ਕਿ ਕ੍ਰਿਕਟਰ ਤੋਂ ਨੇਤਾ ਬਣੇ ਖਾਨ ਨੂੰ ਹੁਣ ਹੋਰ ਜੇਲ੍ਹ ਵਿਚ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਉਹ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦੇ ਨੇਤਾ ਹਨ। ਉਨ੍ਹਾਂ ਨੇ ਇਸ ਮਹੀਨੇ ਦੇ ਅਖੀਰ ਤਕ ਜਾਂ ਸਤੰਬਰ ਵਿਚ ਰਾਜਧਾਨੀ ਇਸਲਾਮਾਬਾਦ ਵਿਚ ਪਾਰਟੀ ਦੀ ਅਗਲੀ ਰੈਲੀ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਕੋਈ ਤਾਕਤ ਉਨ੍ਹਾਂ ਨੂੰ ਰੈਲੀ ਕਰਨ ਤੋਂ ਨਹੀਂ ਰੋਕ ਸਕਦੀ। ਇਸਲਾਮਾਬਾਦ ਦੇ ਡੀ ਚੌਕ 'ਤੇ ਰੈਲੀ ਕਰਨ ਦਾ ਐਲਾਨ ਕਰਦੇ ਹੋਏ ਗਾਂਦਾਪੁਰ ਨੇ ਕਿਹਾ ਕਿ ਖਾਨ ਜਿਸ ਗੱਲ 'ਤੇ ਵਿਸ਼ਵਾਸ ਕਰਦੇ ਸਨ, ਉਸ 'ਤੇ ਅੜੇ ਰਹੇ। ਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੇਸ਼ ਤੇ ਉਸ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਕਦਮ ਚੁੱਕ ਰਹੇ ਸਨ। 

ਗਾਂਦਾਪੁਰ ਨੇ ਭਰੋਸਾ ਦਿੱਤਾ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਉਹ ਅੱਤਵਾਦ 'ਤੇ ਲਗਾਮ ਲਾਉਣਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਖਾਨ ਦੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਦੀ ਮੁੱਖ ਮੰਤਰੀ ਮਰਿਅਮ ਨਵਾਜ਼ ਦੇ ਹੁਕਮ 'ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਜੇਲ੍ਹ ਵਿਚ ਘਟੀਆ ਖਾਣਾ ਦਿੱਤਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਖਰਾਬ ਹੋ ਰਹੀ ਹੈ ਤੇ ਪਾਰਟੀ ਨੇ ਉਨ੍ਹਾਂ ਦੀ ਤੁਰੰਤ ਮੈਡੀਕਲ ਜਾਂਚ ਦੀ ਮੰਗ ਕੀਤੀ ਹੈ।


Baljit Singh

Content Editor

Related News