ਬਿਨਾਂ ਪੁੱਛੇ ਫ਼ਲ ਖਾਣ 'ਤੇ ਮਾਸੂਮ ਭਰਾਵਾਂ ਨੂੰ ਦਿੱਤੇ ਰੂਹ ਕੰਬਾਊ ਤਸੀਹੇ, 10 ਸਾਲਾ ਬੱਚੇ ਦੀ ਮੌਤ

07/13/2022 1:14:32 PM

ਲਾਹੌਰ (ਏਜੰਸੀ)- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਵਿਚ ਘਰੇਲੂ ਨੌਕਰ ਵਜੋਂ ਕੰਮ ਕਰਨ ਵਾਲੇ ਕਾਮਰਾਨ ਨਾਂ  ਦੇ 10 ਸਾਲਾ ਬੱਚੇ ਨੂੰ ਉਸ ਦੇ ਮਾਲਕਾਂ ਨੇ ਫਰਿੱਜ ਵਿਚੋਂ ਫਲ ਕੱਢ ਕੇ ਖਾਣ ਨੂੰ ਲੈ ਕੇ ਕਥਿਤ ਤੌਰ 'ਤੇ ਇੰਨੇ ਤਸੀਹੇ ਦਿੱਤੇ ਕਿ ਉਸ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਾਮਰਾਨ ਦਾ 6 ਸਾਲਾ ਭਰਾ ਰਿਜ਼ਵਾਨ ਵੀ ਉਸੇ ਘਰ ਵਿੱਚ ਸਹਾਇਕ ਵਜੋਂ ਕੰਮ ਕਰਦਾ ਸੀ, ਜੋ ਬੁਰੀ ਤਰ੍ਹਾਂ ਜ਼ਖ਼ਮੀ ਹੈ। ਇਕ ਸਾਲ ਪਹਿਲਾਂ ਲਾਹੌਰ ਦੇ ਡਿਫੈਂਸ ਹਾਊਸਿੰਗ ਅਥਾਰਟੀ ਇਲਾਕੇ 'ਚ ਰਹਿਣ ਵਾਲੇ ਨਸਰੁੱਲਾ ਨੇ ਦੋਵਾਂ ਭਰਾਵਾਂ ਨੂੰ ਘਰੇਲੂ ਸਹਾਇਕਾਂ ਵਜੋਂ ਨੌਕਰੀ 'ਤੇ ਰੱਖਿਆ ਸੀ। ਪੁਲਸ ਜਾਂਚਕਰਤਾ ਮੁਹੰਮਦ ਯੂਸਫ਼ ਨੇ ਪ੍ਰੈਸ ਟਰੱਸਟ ਆਫ਼ ਇੰਡੀਆ ਨੂੰ ਦੱਸਿਆ, “ਮੰਗਲਵਾਰ ਨੂੰ, ਨਸਰੁੱਲਾ, ਉਸ ਦੀ ਪਤਨੀ, ਦੋ ਪੁੱਤਰਾਂ ਅਤੇ ਨੂੰਹ ਨੇ ਬਿਨਾਂ ਆਗਿਆ ਫਰਿੱਜ ਤੋਂ ਫਲ ਖਾਣ ਲਈ ਦੋਵਾਂ ਬੱਚਿਆਂ ਨੂੰ ਬੇਰਹਿਮੀ ਨਾਲ ਤਸੀਹੇ ਦਿੱਤੇ। ਇੱਥੋਂ ਤੱਕ ਕਿ ਉਨ੍ਹਾਂ ਨੇ ਬੱਚਿਆਂ ਨੂੰ ਜ਼ਖ਼ਮੀ ਕਰਨ ਲਈ ਚਾਕੂ ਦੀ ਵਰਤੋਂ ਵੀ ਕੀਤੀ।"

ਇਹ ਵੀ ਪੜ੍ਹੋ: ਪਾਕਿਸਤਾਨ 'ਚ ਵਾਹਨ ਖੱਡ 'ਚ ਡਿੱਗਣ ਕਾਰਨ 11 ਸੈਲਾਨੀਆਂ ਦੀ ਮੌਤ

ਯੂਸਫ ਨੇ ਦੱਸਿਆ ਕਿ ਜਦੋਂ ਦੋਹਾਂ ਬੱਚਿਆਂ ਦੀ ਹਾਲਤ ਵਿਗੜਨ ਲੱਗੀ ਤਾਂ ਨਸਰੁੱਲਾ ਨੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਡਾਕਟਰਾਂ ਨੇ ਕਾਮਰਾਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਰਿਜ਼ਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਨੇ ਨਸਰੁੱਲਾ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਯੂਸਫ਼ ਨੇ ਦੱਸਿਆ ਕਿ ਮੁਲਜ਼ਮ ਦੋਵੇਂ ਬੱਚਿਆਂ ਨੂੰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਦੋਵਾਂ ਭਰਾਵਾਂ ਦੇ ਸਰੀਰ 'ਤੇ ਦਰਜ਼ਨਾਂ ਜ਼ਖ਼ਮਾਂ ਦੇ ਨਿਸ਼ਾਨ ਸਨ। ਉਨ੍ਹਾਂ ਕਿਹਾ, "ਪੁੱਛਗਿੱਛ ਦੌਰਾਨ ਨਸਰੁੱਲਾ ਨੇ ਦੱਸਿਆ ਕਿ ਉਨ੍ਹਾਂ ਨੇ ਦੋਵਾਂ ਬੱਚਿਆਂ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਅਤੇ ਫਰਿੱਜ ਤੋਂ ਫਲ ਖਾਣ ਲਈ ਉਨ੍ਹਾਂ ਨੂੰ ਤਸੀਹੇ ਦਿੱਤੇ ਸਨ।"

ਇਹ ਵੀ ਪੜ੍ਹੋ: ਬ੍ਰਿਟੇਨ ਦਾ PM ਬਣਨ ਦੀ ਦੌੜ 'ਚ ਸ਼ਾਮਲ 8 ਦਾਅਵੇਦਾਰ, ਭਾਰਤੀ ਮੂਲ ਦੇ ਰਿਸ਼ੀ ਸੁਨਕ ਅੱਗੇ

ਪੰਜਾਬ ਦੇ ਮੁੱਖ ਮੰਤਰੀ ਹਮਜ਼ਾ ਸ਼ਾਹਬਾਜ਼ ਨੇ ਇਸ ਘਟਨਾ ਦਾ ਨੋਟਿਸ ਲਿਆ ਹੈ ਅਤੇ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਰਿਜ਼ਵਾਨ ਨੂੰ ਵਧੀਆ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਹਨ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਮਨੁੱਖੀ ਅਧਿਕਾਰ ਕਾਰਕੁਨ ਸ਼ਹਿਰਯਾਰ ਰਿਜ਼ਵਾਨ ਨੇ ਕਿਹਾ, ''ਇਹ ਅਸਹਿਣਯੋਗ ਹੈ। ਮਾਸੂਮ ਬੱਚੇ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਸਰਕਾਰ ਨੂੰ ਇਸ ਕੇਸ ਦਾ ਸਮਰਥਨ ਕਰਨ ਦੀ ਲੋੜ ਹੈ ਤਾਂ ਜੋ ਅਪਰਾਧੀ ਬਚ ਨਾ ਸਕਣ।

ਇਹ ਵੀ ਪੜ੍ਹੋ: ਆਖ਼ਰਕਾਰ ਸ਼੍ਰੀਲੰਕਾ ਛੱਡ ਕੇ ਭੱਜ ਹੀ ਨਿਕਲੇ ਰਾਸ਼ਟਰਪਤੀ ਗੋਟਾਬਾਯਾ, ਇਸ ਦੇਸ਼ 'ਚ ਲਈ ਸ਼ਰਨ


cherry

Content Editor

Related News