ਕੁਰੈਸ਼ੀ ਵੱਲੋਂ ਕਸ਼ਮੀਰ ਮੁੱਦੇ 'ਤੇ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਅਪੀਲ

08/12/2019 5:42:31 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਨੂੰ ਇਕ ਅਪੀਲ ਕੀਤੀ। ਅਪੀਲ ਵਿਚ ਕੁਰੈਸ਼ੀ ਨੇ ਵਿਰੋਧੀ ਪਾਰਟੀਆਂ ਨੂੰ ਕਸ਼ਮੀਰ ਮੁੱਦੇ 'ਤੇ ਇਕਜੁੱਟ ਹੋਣ ਲਈ ਕਿਹਾ। ਉਨ੍ਹਾਂ ਮੁਤਾਬਕ ਕਸ਼ਮੀਰ ਮੁੱਦੇ 'ਤੇ ਦੇਸ਼ ਦਾ ਰਵੱਈਆ ਇਕਜੁੱਟ ਹੋਣਾ ਚਾਹੀਦਾ ਹੈ। ਕੁਰੈਸ਼ੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਸਥਿਤ ਮੁਜ਼ੱਫਰਾਬਾਦ ਵਿਚ ਮੀਡੀਆ ਨੂੰ ਸੰਬੋਧਿਤ ਕਰ ਰਹੇ ਸਨ, ਜਿੱਥੇ ਉਨ੍ਹਾਂ ਨੇ ਈਦ ਉਲ ਅਜਹਾ ਮਨਾਇਆ ਅਤੇ ਇਕ ਸ਼ਰਨਾਰਥੀ ਕੈਂਪ ਵੀ ਗਏ। 

ਕੁਰੈਸ਼ੀ ਨੇ ਕਿਹਾ,''ਪੂਰਾ ਪਾਕਿਸਤਾਨ ਅਤੇ ਸਿਆਸੀ ਲੀਡਰਸ਼ਿਪ ਕਸ਼ਮੀਰ ਮੁੱਦੇ 'ਤੇ ਇਕਜੁੱਟ ਹੈ ਅਤੇ ਕਸ਼ਮੀਰੀਆਂ ਦੇ ਸਮਰਥਨ ਵਿਚ 14 ਅਗਸਤ ਨੂੰ ਇਕ ਆਵਾਜ਼ ਉੱਠੇਗੀ।'' ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਦੇ ਬਾਅਦ ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਹ 14 ਅਗਸਤ ਨੂੰ 'ਕਸ਼ਮੀਰ ਇਕਜੁੱਟਤਾ ਦਿਵਸ' ਅਤੇ 15 ਅਗਸਤ ਨੂੰ 'ਕਾਲਾ ਦਿਵਸ' ਦੇ ਤੌਰ 'ਤੇ ਮਨਾਏਗਾ। 

ਕੁਰੈਸ਼ੀ ਨੇ ਮੁਜ਼ੱਫਰਾਬਾਦ ਵਿਚ ਈਦ ਦੀ ਨਮਾਜ਼ ਅਦਾ ਕੀਤੀ। ਕੁਰੈਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ 14 ਅਗਸਤ ਨੂੰ ਪੀ.ਓ.ਕੇ. ਦਾ ਦੌਰਾ ਕਰਨਗੇ ਅਤੇ ਉਸ ਦੀ ਵਿਧਾਨ ਸਭਾ ਨੂੰ ਸੰਬੋਧਿਤ ਕਰਨਗੇ। ਉੱਧਰ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਕਸ਼ਮੀਰੀਆਂ ਨਾਲ ਇਕਜੁੱਟਤਾ ਦਿਖਾਉਣ ਲਈ ਈਦ ਉਲ ਅਜਹਾ ਮੁਜ਼ੱਫਰਾਬਾਦ ਵਿਚ ਮਨਾਇਆ।


Vandana

Content Editor

Related News