ਪਾਕਿ : ਗਵਾਦਰ ''ਚ ਪ੍ਰਦਰਸ਼ਨਕਾਰੀਆਂ ਨਾਲ ਝੜਪ ''ਚ ਪੁਲਸ ਮੁਲਾਜ਼ਮ ਦੀ ਹੋਈ ਮੌਤ
Thursday, Dec 29, 2022 - 02:06 PM (IST)
ਇਸਲਾਮਾਬਾਦ—ਪਾਕਿਸਤਾਨੀ ਬੰਦਰਗਾਹ ਸ਼ਹਿਰ ਗਵਾਦਰ 'ਚ ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਝੜਪ 'ਚ ਇਕ ਪੁਲਸ ਕਾਂਸਟੇਬਲ ਦੀ ਮੌਤ ਹੋ ਗਈ। ਡਾਨ ਅਖਬਾਰ ਨੇ ਦੱਸਿਆ ਕਿ ਪੁਲਸ ਨੇ ਕਿਹਾ ਕਿ ਹਾਸ਼ਮੀ ਚੌਕ 'ਤੇ ਪ੍ਰਦਰਸ਼ਨ ਦੌਰਾਨ ਹਿੰਸਾ ਭੜਕਣ ਤੋਂ ਬਾਅਦ ਇੱਕ ਕਾਂਸਟੇਬਲ ਦੀ ਗਰਦਨ ਵਿੱਚ ਗੋਲੀ ਮਾਰੀ ਗਈ ਸੀ। ਉਨ੍ਹਾਂ ਕਿਹਾ, ''ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਸ ਬੁਲਾਰੇ ਅਸਲਮ ਖਾਨ ਨੇ ਡਾਨ ਨੂੰ ਦੱਸਿਆ ਕਿ ਪੁਲਸ ਨੇ ਹੱਕ ਦੋ ਤਹਿਰੀਕ (ਐੱਚ.ਡੀ.ਟੀ) ਦੇ ਨੇਤਾ ਮੌਲਾਨਾ ਹਿਦਾਇਤੁਰ ਰਹਿਮਾਨ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਨ ਦਾ ਫੈਸਲਾ ਕੀਤਾ ਹੈ, ਜੋ ਸ਼ਹਿਰ ਵਿੱਚ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਹਨ।
ਬਲੋਚਿਸਤਾਨ ਪੋਸਟ ਨੇ ਰਿਪੋਰਟ ਦਿੱਤੀ ਕਿ ਗੈਰ-ਕਾਨੂੰਨੀ ਮੱਛੀਆਂ ਫੜਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇਤਾਵਾਂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਮਾਹੌਲ ਹਿੰਸਕ ਹੋ ਗਿਆ ਅਤੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਸ਼ੁਰੂ ਹੋ ਗਈਆਂ। ਦੱਸ ਦਈਏ ਕਿ ਐੱਚ.ਡੀ.ਟੀ ਕਰਮਚਾਰੀ ਕਰੀਬ ਦੋ ਮਹੀਨਿਆਂ ਤੋਂ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀਆਂ ਮੰਗਾਂ 'ਚ ਗਵਾਦਰ ਦੇ ਪਾਣੀਆਂ 'ਚ ਗੈਰ-ਕਾਨੂੰਨੀ ਟਰਾਲਿੰਗ ਨੂੰ ਖਤਮ ਕਰਨਾ, ਸੁਰੱਖਿਆ ਚੌਕੀਆਂ ਦੀ ਵੱਧ ਗਿਣਤੀ ਅਤੇ ਪਾਕਿ-ਇਰਾਨ ਸਰਹੱਦ 'ਤੇ ਵਪਾਰ ਖੋਲ੍ਹਣਾ ਸ਼ਾਮਲ ਹੈ।