LOC ''ਤੇ ਮੂੰਹ ਤੋੜ ਕਾਰਵਾਈ ਤੋਂ ਬੌਖਲਾਏ ਇਮਰਾਨ ਨੇ ਦਿੱਤੀ ਭਾਰਤ ਨੂੰ ਧਮਕੀ

Sunday, Jan 19, 2020 - 03:12 PM (IST)

LOC ''ਤੇ ਮੂੰਹ ਤੋੜ ਕਾਰਵਾਈ ਤੋਂ ਬੌਖਲਾਏ ਇਮਰਾਨ ਨੇ ਦਿੱਤੀ ਭਾਰਤ ਨੂੰ ਧਮਕੀ

ਇਸਲਾਮਾਬਾਦ- ਕੰਟਰੋਲ ਲਾਈਨ 'ਤੇ ਭਾਰਤ ਦੀ ਮੂੰਹ ਤੋੜ ਜਵਾਬੀ ਕਾਰਵਾਈ ਤੋਂ ਬੌਖਲਾਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਨੂੰ ਧਮਕੀ ਦਿੱਤੀ ਹੈ। ਐਤਵਾਰ ਨੂੰ ਇਮਰਾਨ ਖਾਨ ਨੇ ਟਵੀਟ ਕਰਕੇ ਕਿਹਾ ਕਿ ਮੈਂ ਭਾਰਤ ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਜੇਕਰ ਲਾਈਨ ਆਫ ਕੰਟਰੋਲ (ਐਲ.ਓ.ਸੀ.) ਦੇ ਪਾਰ ਭਾਰਤ ਆਪਣੇ ਫੌਜ ਹਮਲੇ ਜਾਰੀ ਰੱਖਦਾ ਹੈ ਤਾਂ ਪਾਕਿਸਤਾਨ ਮੂਕ ਦਰਸ਼ਕ ਬਣਿਆ ਨਹੀਂ ਰਹੇਗਾ। ਅਸਲ ਵਿਚ ਪਾਕਿਸਤਾਨ ਦੇ ਜੰਗਬੰਦੀ ਉਲੰਘਣ ਤੋਂ ਬਾਅਦ ਭਾਰਤ ਜਵਾਬੀ ਕਾਰਵਾਈ ਕਰਦਾ ਹੈ ਤੇ ਇਸੇ ਕਾਰਵਾਈ ਤੋਂ ਇਮਰਾਨ ਖਾਨ ਬੌਖਲਾ ਗਏ ਹਨ।

ਭਾਰਤ ਦੀ ਨੀਤੀ ਕਦੇ ਵੀ ਪਹਿਲਾਂ ਹਮਲਾ ਕਰਨ ਦੀ ਨਹੀਂ ਰਹੀ ਹੈ। ਅਜਿਹੇ ਵਿਚ ਪਾਕਿਸਤਾਨ ਦੀ ਫਾਇਰਿੰਗ ਦੇ ਜਵਾਬ ਵਿਚ ਭਾਰਤੀ ਫੌਜ ਨੂੰ ਕਾਰਵਾਈ ਕਰਨੀ ਪਈ ਹੈ। ਭਾਰਤ ਸਰਹੱਦ 'ਤੇ ਸ਼ਾਂਤੀ ਚਾਹੁੰਦਾ ਹੈ, ਉਥੇ ਹੀ ਪਾਕਿਸਤਾਨ ਸਰਹੱਦੀ ਇਲਾਕਿਆਂ ਵਿਚ ਗੋਲੀਬਾਰੀ ਕਰ ਰਿਹਾ ਹੈ। ਪਾਕਿਸਤਾਨ ਸਰਹੱਦੀ ਇਲਾਕਿਆਂ ਵਿਚ ਲਗਾਤਾਰ ਜੰਗਬੰਦੀ ਦਾ ਉਲੰਘਣ ਕਰ ਰਿਹਾ ਹੈ। ਪਾਕਿਸਤਾਨ ਸਰਹੱਦੀ ਇਲਾਕਿਆਂ ਵਿਚ ਭਾਰੀ ਮਾਤਰਾ ਵਿਚ ਮੋਰਟਾਰ ਦਾਗ ਰਿਹਾ ਹੈ। ਸ਼ਨੀਵਾਰ ਨੂੰ ਵੀ ਪਾਕਿਸਤਾਨ ਨੇ ਦੋ ਵਾਰ ਜੰਗਬੰਦੀ ਦਾ ਉਲੰਘਣ ਕੀਤਾ ਸੀ। ਪਾਕਿਸਤਾਨ ਨੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ, ਗੋਲੀਬਾਰੀ ਕੀਤੀ ਤੇ ਮੋਰਟਾਰ ਦਾਗੇ।

ਭਾਰਤੀ ਫੌਜ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਸੀ ਕਿ ਮੇਂਡਰ ਸੈਕਟਰ ਵਿਚ ਜੰਗਬੰਦੀ ਉਲੰਘਣ ਦੁਪਹਿਰੇ 12:30 ਵਜੇ ਤੋਂ ਦੁਪਹਿਰੇ 1:15 ਵਜੇ ਤੱਕ ਹੋਇਆ। ਭਾਰਤੀ ਪੱਖ ਨੇ ਇਸ ਦਾ ਕਰਾਰਾ ਜਵਾਬ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨੀ ਫੌਜੀਆਂ ਨੇ ਰਾਜੌਰੀ ਜ਼ਿਲੇ ਦੇ ਨੌਸ਼ਹਿਰਾ ਸੈਕਟਰ ਵਿਚ ਕੰਟਰੋਲ ਲਾਈਨ ਤੋਂ ਪਾਰ ਮੁੜ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ।

ਰੱਖਿਆ ਮੰਤਰਾਲਾ ਦੇ ਸੂਤਰਾਂ ਦਾ ਦਾਅਵਾ ਹੈ ਕਿ ਜੰਮੂ ਤੇ ਕਸ਼ਮੀਰ ਵਿਚ ਕੰਟਰੋਲ ਲਾਈਨ 'ਤੇ ਪਾਕਿਸਤਾਨ ਵਲੋਂ ਜੰਗਬੰਦੀ ਦੇ ਉਲੰਘਣ ਦੀਆਂ ਘਟਨਾਵਾਂ ਪਿਛਲੇ ਸਾਲ ਦੀ ਤੁਲਨਾ ਵਿਚ ਦੁਗਣੀਆਂ ਹੋ ਗਈਆਂ ਹਨ। ਸਾਲ 2018 ਵਿਚ ਜਿਥੇ ਇਸ ਦੀ ਗਿਣਤੀ 1629 ਸੀ ਉਥੇ ਹੀ 2019 ਵਿਚ ਇਸ ਦੀ ਗਿਣਤੀ 3200 ਹੋ ਗਈ।


author

Baljit Singh

Content Editor

Related News