ਪਾਕਿ : ਹਿੰਦੂ ਵਿਦਿਆਰਥਣ ਨਿਮਰਿਤਾ ਦੇ ਮਾਮਲੇ ''ਚ ਨਵਾਂ ਖੁਲਾਸਾ

10/30/2019 2:28:50 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਹਿੰਦੂ ਮੈਡੀਕਲ ਵਿਦਿਆਰਥਣ ਨਿਮਰਿਤਾ ਚੰਦਾਨੀ ਦੀ ਮੌਤ ਦੇ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਡੀ.ਐੱਨ.ਏ. ਦੀ ਰਿਪੋਰਟ ਮੁਤਾਬਕ ਨਿਮਰਿਤਾ ਦੇ ਸਰੀਰ ਅਤੇ ਕੱਪੜਿਆਂ 'ਤੇ ਪੁਰਸ਼ ਡੀ.ਐੱਨ.ਏ. ਦੇ ਅੰਸ਼ ਪਾਏ ਗਏ ਹਨ। ਪੁਲਸ ਨੇ ਖੁਦ ਡੀ.ਐੱਨ.ਏ. ਰਿਪੋਰਟ ਦੀ ਜਾਣਕਾਰੀ ਦਿੱਤੀ ਹੈ। ਹੁਣ ਇਹ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਜਾਵੇਗੀ। ਲਰਕਾਨਾ ਦੇ ਐੱਸ.ਐੱਸ.ਪੀ. ਮਸੂਦ ਬੰਗਸ਼ ਨੇ ਮੰਨਿਆ ਹੈ ਕਿ ਪੁਲਸ ਨੂੰ ਨਿਮਰਿਤਾ ਦੀ ਡੀ.ਐੱਨ.ਏ. ਰਿਪੋਰਟ ਮਿਲ ਚੁੱਕੀ ਹੈ। 

ਪਿਛਲੇ ਮਹੀਨੇ ਨਿਮਰਿਤਾ ਦੀ ਲਾਸ਼ 16 ਸਤਬੰਰ ਨੂੰ ਲਰਕਾਨਾ ਵਿਚ ਉਸ ਦੇ ਹੋਸਟਲ ਰੂਮ ਵਿਚ ਬੈੱਡ 'ਤੇ ਮਿਲੀ ਸੀ। ਉਸ ਦੇ ਗਲੇ ਵਿਚ ਛੋਟੀ ਰੱਸੀ ਬੰਨ੍ਹੀ ਹੋਈ ਸੀ। ਨਿਮਰਿਤਾ ਦੇ ਡਾਕਟਰ ਭਰਾ ਵਿਸ਼ਾਲ ਨੇ ਉਸੇ ਵੇਲੇ ਮੀਡੀਆ ਨੂੰ ਕਿਹਾ ਸੀ ਕਿ ਉਸ ਦੀ ਭੈਣ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕਤਲ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੁਲਸ ਨੇ ਦੋ ਵਿਦਿਆਰਥੀਆਂ ਨੂੰ ਵੀ ਹਿਰਾਸਤ ਵਿਚ ਲਿਆ ਸੀ। 

ਇਨ੍ਹਾਂ ਵਿਚੋਂ ਇਕ ਦਾ ਨਾਮ ਮੇਹਰਾਨ ਅਬਰੋ ਹੈ। ਉਸ ਨੇ ਦਾਅਵਾ ਕੀਤਾ ਸੀ ਕਿ ਨਿਮਰਿਤਾ ਉਸ 'ਤੇ ਵਿਆਹ ਲਈ ਦਬਾਅ ਪਾ ਰਹੀ ਸੀ। ਪੁਲਸ ਹੁਣ ਦੋਹਾਂ ਦੇ ਬਲੱਡ ਸੈਂਪਲ ਲੈ ਕੇ ਨਿਮਰਿਤਾ ਦੇ ਸਰੀਰ ਅਤੇ ਕੱਪੜਿਆਂ 'ਤੇ ਪਾਏ ਗਏ ਡੀ.ਐੱਨ.ਏ. ਨਾਲ ਮਿਲਾ ਸਕਦੀ ਹੈ। ਪਹਿਲਾਂ ਕੀਤੀ ਗਈ ਪੁੱਛਗਿੱਛ ਦੇ ਬਾਅਦ ਉਨ੍ਹਾਂ ਨੂੰ ਕੇਸ ਦਰਜ ਕੀਤੇ ਬਿਨਾਂ ਛੱਡ ਦਿੱਤਾ ਗਿਆ ਸੀ।


Vandana

Content Editor

Related News