ਪਾਕਿ : ਨਾਬਾਲਗ ਹਿੰਦੂ ਕੁੜੀ ਦੇ ਮਾਮਲੇ 'ਚ ਕੋਰਟ ਸਖਤ, ਸਖਤ ਕਾਰਵਾਈ ਦੇ ਆਦੇਸ਼

02/19/2020 11:20:59 AM

ਇਸਲਾਮਾਬਾਦ (ਬਿਊਰੋ): ਇਸਲਾਮਿਕ ਸੰਗਠਨਾਂ ਵੱਲੋਂ ਜਾਰੀ ਵਿਰੋਧ ਪ੍ਰਦਰਸ਼ਨ ਦੇ ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਨਾਬਾਲਗ ਹਿੰਦੂ ਕੁੜੀ ਨੂੰ ਬਾਲ ਸੁਰੱਖਿਆ ਕੇਂਦਰ ਭੇਜਣ ਦਾ ਆਦੇਸ਼ ਦਿੱਤਾ। ਨਾਲ ਹੀ ਅਦਾਲਤ ਨੇ ਸਥਾਨਕ ਪੁਲਸ ਨੂੰ ਉਸ ਦੇ ਦੋਸ਼ੀ ਮੁਸਲਿਮ ਪਤੀ ਅਲੀ ਰਜ਼ਾ ਸੋਲੰਗੀ ਵਿਰੁੱਧ ਸਖਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈਕਿ ਸਖਤ ਸੁਰੱਖਿਆ ਦੇ ਵਿਚ ਨਾਬਾਲਗ ਹਿੰਦੂ ਕੁੜੀ ਨੂੰ ਜੈਕਬਾਬਾਦ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇੱਥੇ ਦੱਸ ਦਈਏ ਕਿ ਜਮੀਯਤ ਉਲਮਾ-ਏ-ਇਸਲਾਮ ਪਾਕਿਸਤਾਨ ਸਮੇਤ ਕਈ ਮੁਸਲਿਮ ਸੰਗਠਨ ਦੋਸ਼ੀ ਸ਼ਖਸ ਦੇ ਵਿਰੁੱਧ ਕਾਰਵਾਈ ਨਾਲ ਨਾਰਾਜ਼ ਹਨ। 

ਜੈਕਬਾਬਾਦ ਦੇ ਵਧੀਕ ਸੈਸ਼ਨ ਜੱਜ ਗੁਲਾਮ ਅਲੀ ਕਾਸਿਰੋ ਨੇ ਆਦੇਸ਼ ਦਿੱਤਾ ਹੈਕਿ ਫਿਲਹਾਲ ਨਾਬਾਲਗ ਕੁੜੀ ਨੂੰ ਲਰਕਾਨਾ ਦੇ ਡਾਰ-ਉਲ-ਅਮਨ ਤੋਂ ਨੇੜਲੀ ਬਾਲ ਸੁਰੱਖਿਆ ਸੰਸਥਾ ਵਿਚ ਸ਼ਿਫਟ ਕਰ ਦਿੱਤਾ ਜਾਵੇ। ਅਦਾਲਤ ਨੇ ਸਥਾਨਕ ਪੁਲਸ ਨੂੰ ਵੀ ਕੁੜੀ ਦੀ ਸੁਰੱਖਿਆ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਹੈ।ਅਦਾਲਤ ਨੇ ਇਸ ਮਾਮਲੇ ਨੂੰ ਸਿੰਧ ਬਾਲ ਵਿਆਹ ਵਿਰੋਧੀ ਐਕਟ, 2013 ਦੀ ਧਾਰਾ 3 ਅਤੇ 4 ਦੀ ਉਲੰਘਣਾ ਮੰਨਿਆ ਹੈ ਅਤੇ ਇਸ ਦੇ ਤਹਿਤ ਦੋਸ਼ੀ ਅਲੀ ਰਜ਼ਾ ਦੇ ਵਿਰੁੱਧ ਮੁਕੱਦਮਾ ਚਲਾਉਣ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਪੁਲਸ ਨੂੰ ਆਦੇਸ਼ ਦਿੱਤਾ ਹੈਕਿ ਉਹ ਮੁੱਖ ਦੋਸ਼ੀ ਅਲੀ ਰਜ਼ਾ ਦੇ ਇਲਾਵਾ ਇਸ ਵਿਆਹ ਨੂੰ ਕਰਾਉਣ ਵਿਚ ਸ਼ਾਮਲ ਲੋਕਾਂ ਨੂੰ ਨਿਸ਼ਾਨਬੱਧ ਕਰੇ ਅਤੇ ਉਹਨਾਂ ਵਿਰੁੱਧ ਤੁਰੰਤ ਕਾਰਵਾਈ ਕਰੇ। 

ਅਦਾਲਤ ਦੇ ਆਦੇਸ਼ 'ਤੇ ਅਖਿਲ ਪਾਕਿਸਤਾਨ ਹਿੰਦੂ ਪੰਚਾਇਤ ਦੇ ਜਨਰਲ ਸਕੱਤਰ ਰਵੀ ਦਾਵਾਨੀ ਨੇ  ਕਿਹਾ,''ਜੈਕਬਾਬਾਦ ਵਿਚ ਜਾਰੀ ਤਣਾਅ ਦੇ ਵਿਚ ਅਦਾਲਤ ਦਾ ਇਹ ਆਦੇਸ਼ ਸਵਾਗਤ ਯੋਗ ਹੈ।'' ਨਾਬਾਲਗ ਹਿੰਦੂ ਕੁੜੀ ਨੇ ਪਹਿਲਾਂ ਕਿਹਾ ਸੀ ਕਿ ਉਸ ਨੇ ਇਸਲਾਮ ਧਰਮ ਅਪਨਾ ਲਿਆ ਹੈ ਅਤੇ ਆਪਣੀ ਮਰਜ਼ੀ ਨਾਲ ਅਲੀ ਰਜ਼ਾ ਨਾਲ ਵਿਆਹ ਕੀਤਾ ਹੈ। ਉੱਥੇ ਦੂਜੇ ਵੀਡੀਓ ਵਿਚ ਕੁੜੀ ਆਪਣੇ ਬਿਆਨ ਤੋਂ ਪਲਟ ਗਈ ਅਤੇ ਉਸ ਨੇ ਕਿਹਾ ਕਿ ਉਸ ਦੇ ਨਾਲ ਜ਼ਬਰਦਸਤੀ ਹੋਈ ਹੈ। ਉਹ ਹਿੰਦੂ ਹੀ ਬਣੇ ਰਹਿਣਾ ਚਾਹੁੰਦੀ ਹੈ ਅਤੇ ਉਸ ਨੂੰ ਆਪਣੇ ਪਰਿਵਾਰ ਕੋਲ ਭੇਜ ਦਿੱਤਾ ਜਾਵੇ। ਇੱਥੇ ਦੱਸ ਦਈਏ ਕਿ ਇਸ ਘਟਨਾ ਦੇ ਵਿਰੋਧ ਵਿਚ ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁੰਨਾਂ ਸਮੇਤ ਬ੍ਰਿਟੇਨ ਵਿਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਲੰਡਨ ਵਿਚ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕੁੜੀ ਲਈ ਨਿਆਂ ਦੀ ਦੀ ਮੰਗ ਕੀਤੀ ਹੈ।


Vandana

Content Editor

Related News