ਬਾਇਡੇਨ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਨਾਲ ਇਸ ਕਰਕੇ ਖੁਸ਼ ਹੈ ਪਾਕਿਸਤਾਨ

Sunday, Nov 08, 2020 - 01:44 AM (IST)

ਬਾਇਡੇਨ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਨਾਲ ਇਸ ਕਰਕੇ ਖੁਸ਼ ਹੈ ਪਾਕਿਸਤਾਨ

ਵਾਸ਼ਿੰਗਟਨ - ਡੈਮੋਕ੍ਰੇਟ ਜੋਅ ਬਾਇਡੇਨ ਹੁਣ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣਨ ਜਾ ਰਹੇ ਹਨ ਅਤੇ ਉਨ੍ਹਾਂ ਦੀ ਇਸ ਜਿੱਤ ਦੇ ਨਾਲ ਹੀ ਪਾਕਿਸਤਾਨ ਵੀ ਬਹੁਤ ਖੁਸ਼ ਹੋਵੇਗਾ। ਪਿਛਲੇ 4 ਸਾਲਾਂ ਤੋਂ ਡੋਨਾਲਡ ਟਰੰਪ ਕਾਰਨ ਪਾਕਿ ਨੂੰ ਜਿਹੜੀਆਂ ਮੁਸ਼ਕਿਲਾਂ ਦੇਖਣੀਆਂ ਪੈ ਰਹੀਆਂ ਸਨ, ਬਾਇਡੇਨ ਦੇ ਓਵਲ ਦਫਤਰ ਪਹੁੰਚਣ ਤੋਂ ਬਾਅਦ ਘੱਟ ਹੋ ਸਕਦੀਆਂ ਹਨ। ਬਾਇਡੇਨ ਜਿਸ ਸਮੇਂ ਡਿਪਲੋਮੈਟ ਸਨ, ਪਾਕਿਸਤਾਨ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਕਾਫੀ ਚੰਗੇ ਸਨ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੀ ਉਮੀਦਵਾਰ ਦੇ ਐਲਾਨ ਦੇ ਪਹਿਲੇ ਦਿਨ ਤੋਂ ਹੀ ਪਾਕਿ ਉਨ੍ਹਾਂ ਦੇ ਰਾਸ਼ਟਰਪਤੀ ਬਣਨ ਲਈ ਦੁਆਵਾਂ ਮੰਗ ਰਿਹਾ ਸੀ।

ਬਾਇਡੇਨ ਨੂੰ ਮਿਲਿਆ ਪਾਕਿ ਦਾ ਸਰਵ ਉੱਚ ਸਨਮਾਨ
ਸਾਲ 2008 ਵਿਚ ਪਾਕਿਸਤਾਨ ਨੇ ਬਾਇਡੇਨ ਨੂੰ ਦੂਜੇ ਸਰਵ ਉੱਚ ਨਾਗਰਿਕ ਸਨਮਾਨ 'ਹਿਲਾਲ-ਏ-ਪਾਕਿਸਤਾਨ' ਨਾਲ ਨਵਾਜ਼ਿਆ ਸੀ। ਬਾਇਡੇਨ ਅਤੇ ਸੈਨੇਟਰ ਰੀਚਰਡ ਲੁਗਾਰ ਕਾਰਨ ਪਾਕਿਸਤਾਨ ਨੂੰ ਉਹ ਨਾਨ-ਮਿਲਟਰੀ ਮਦਦ ਮਿਲਣੀ ਸ਼ੁਰੂ ਹੋਈ ਜੋ ਬੰਦ ਹੋ ਚੁੱਕੀ ਸੀ। ਇਹ ਰਕਮ ਕਰੀਬ 1.5 ਬਿਲੀਅਨ ਡਾਲਰ ਦੀ ਸੀ। ਲੁਗਾਨ ਨੂੰ ਪਾਕਿ ਨੇ 'ਹਿਲਾਲ-ਏ-ਪਾਕਿਸਤਾਨ' ਨਾਲ ਨਵਾਜ਼ਿਆ ਸੀ। ਉਸ ਸਮੇਂ ਆਸਿਫ ਅਲੀ ਜ਼ਰਦਾਰੀ, ਪਾਕਿਸਤਾਨ ਦੇ ਰਾਸ਼ਟਰਪਤੀ ਸਨ ਅਤੇ ਉਨ੍ਹਾਂ ਨੇ ਦੋਹਾਂ ਨੂੰ ਉਨ੍ਹਾਂ ਦੇ ਲਗਾਤਾਰ ਸਮਰਥਨ ਲਈ ਧੰਨਵਾਦ ਕੀਤਾ ਸੀ। ਬਾਇਡੇਨ ਨੇ ਚੋਣਾਂ ਜਿੱਤਣ ਦੇ ਨਾਲ ਹੀ ਮਾਹਿਰਾਂ ਨੂੰ ਲੱਗਦਾ ਹੈ ਕਿ ਬਤੌਰ ਰਾਸ਼ਟਰਪਤੀ ਉਹ ਡਿਪਲੋਮੈਸੀ ਦਾ ਉਹੀ ਦੌਰ ਵਾਪਸ ਲਿਆਉਣਗੇ ਜੋ ਬੰਦ ਹੋ ਚੁੱਕਿਆ ਹੈ। ਟਰੰਪ ਦਾ ਆਕੜ ਵਾਲਾ ਰਵੱਈਆ ਅਤੇ ਨਾਨ-ਡਿਪਲੋਮੈਟਿਕ ਵਿਹਾਰ ਕਾਰਨ ਉਹ ਪਾਕਿ ਵਿਚ ਕਦੇ ਮਸ਼ਹੂਰ ਨਾ ਹੋ ਸਕੇ। ਰਾਸ਼ਟਰਪਤੀ ਟਰੰਪ ਨੇ ਕਈ ਮੌਕਿਆਂ 'ਤੇ ਜਨਤਕ ਤੌਰ 'ਤੇ ਪਾਕਿ ਨੂੰ ਫਟਕਾਰ ਵੀ ਲਗਾਈ ਸੀ। ਟਰੰਪ ਦੇ ਕਾਰਜਕਾਲ ਦੌਰਾਨ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਕਾਫੀ ਖਟਾਸ ਹੋ ਗਈ ਸੀ।

ਕਸ਼ਮੀਰ 'ਤੇ ਪਾਕਿਸਤਾਨ ਨੂੰ ਮਿਲੇਗਾ ਸਾਥ
ਇਕ ਪਾਕਿ ਵਿਸ਼ਲੇਸ਼ਕ ਦੀ ਮੰਨੀਏ ਤਾਂ ਜੇਕਰ ਟਰੰਪ ਦੁਬਾਰਾ ਰਾਸ਼ਟਰਪਤੀ ਬਣਦੇ ਤਾਂ ਫਿਰ ਉਨ੍ਹਾਂ ਨੂੰ ਹੋਰ ਜ਼ਿਆਦਾ ਆਤਮ-ਵਿਸ਼ਵਾਸ ਹਾਸਲ ਹੋ ਜਾਂਦਾ। ਟਰੰਪ ਨੇ ਕਈ ਮੁਸਲਮਾਨ ਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਦੀ ਐਂਟਰੀ ਨੂੰ ਬੈਨ ਕਰ ਦਿੱਤਾ ਸੀ। ਪਾਕਿ ਉਦੋਂ ਤੋਂ ਹੀ ਚਾਹੁੰਦਾ ਸੀ ਕਿ ਟਰੰਪ, ਵ੍ਹਾਈਟ ਹਾਊਸ ਤੋਂ ਬਾਹਰ ਚਲੇ ਜਾਣ। ਇਸ ਤੋਂ ਇਲਾਵਾ ਬਾਇਡੇਨ ਨੇ ਹਮੇਸ਼ਾ ਕਸ਼ਮੀਰੀਆਂ ਦੀ ਗੱਲ ਕੀਤੀ ਹੈ ਅਤੇ ਇਥੇ ਵਸੇ ਮੁਸਲਮਾਨਾਂ ਦੀ ਤੁਲਨਾ ਬੰਗਲਾਦੇਸ਼ ਵਿਚ ਰਹਿਣ ਵਾਲੇ ਰੋਹਿੰਗੀਆਂ ਅਤੇ ਚੀਨ ਵਿਚ ਵਸੇ ਉਈਗਰ ਮੁਸਲਮਾਨਾਂ ਨਾਲ ਕੀਤੀ ਹੈ। ਜੂਨ 2020 ਵਿਚ ਬਾਇਡੇਨ ਨੇ ਭਾਰਤ ਤੋਂ ਮੰਗ ਕੀਤੀ ਸੀ ਕਿ ਉਹ ਕਸ਼ਮੀਰੀਆਂ ਨੂੰ ਉਨ੍ਹਾਂ ਦਾ ਹੱਕ ਵਾਪਸ ਦਿਵਾਵੇ। ਬਾਇਡੇਨ ਨੇ ਕਿਹਾ ਸੀ ਕਿ ਕਸ਼ਮੀਰ ਵਿਚ ਭਾਰਤ ਸਰਕਾਰ ਨੇ ਹਰ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਇਥੇ ਦੇ ਲੋਕਾਂ ਦੇ ਅਧਿਕਾਰ ਬਹਾਲ ਹੋ ਸਕਣ। ਉਨ੍ਹਾਂ ਨੂੰ ਸ਼ਾਂਤੀਪੂਰਣ ਵਿਰੋਧ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੋਵੇ ਅਤੇ ਇੰਟਰਨੈੱਟ ਨੂੰ ਬੰਦ ਕਰਨ ਜਿਹੇ ਕਦਮ ਲੋਕਤੰਤਰ ਨੂੰ ਕਮਜ਼ੋਰ ਕਰਦੇ ਹਨ। ਪਾਕਿ ਆਰਮੀ ਦੇ ਰਿਟਾਰਇਡ ਲੈਫਟੀਨੈਂਟ ਜਨਰਲ ਤਲਤ ਮਸੂਦ ਦੀ ਮੰਨੀਏ ਤਾਂ ਬਾਇਡੇਨ ਦੇ ਆਉਣ ਤੋਂ ਬਾਅਦ ਅਮਰੀਕਾ-ਪਾਕਿਸਤਾਨ ਦੇ ਰਿਸ਼ਤੇ ਨਵੀਂ ਦਿਸ਼ਾ ਵੱਲ ਜਾ ਸਕਦੇ ਹਨ।


author

Khushdeep Jassi

Content Editor

Related News