ਪਾਕਿ ਮੀਡੀਆ ਨੇ ਭਾਰਤੀ ਪਣਡੁੱਬੀ ਦੀ ਕਾਰਵਾਈ ਨੂੰ ਅਸਫਲ ਕਰਨ ਦਾ ਕੀਤਾ ਦਾਅਵਾ
Tuesday, Mar 05, 2019 - 03:38 PM (IST)

ਲਾਹੌਰ (ਭਾਸ਼ਾ)— ਪਾਕਿਸਤਾਨੀ ਮੀਡੀਆ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ਦੀ ਜਲ ਸੈਨਾ ਨੇ ਸਮੁੰਦਰੀ ਖੇਤਰ ਵਿਚ ਦਾਖਲ ਹੋਣ ਦੀ ਭਾਰਤੀ ਪਣਡੁੱਬੀ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਪਾਕਿਸਤਾਨ ਦੀ ਜਲ ਸੈਨਾ ਨੇ ਮੀਡੀਆ ਨਾਲ ਇਕ ਫੁਟੇਜ ਵੀ ਸਾਂਝੀ ਕੀਤੀ, ਜਿਸ ਨੂੰ ਉਸ ਨੇ ਅਸਲੀ ਦੱਸਿਆ। ਤਸਵੀਰ ਵਿਚ ਦਿਖਾਇਆ ਗਿਆ ਹੈ ਕਿ ਫੁਟੇਜ 4 ਮਾਰਚ ਰਾਤ 8:35 'ਤੇ ਬਣਾਈ ਗਈ। ਇਸ ਸਬੰਧ ਵਿਚ ਇਕ ਬੁਲਾਰੇ ਨੇ ਆਪਣੇ ਬਿਆਨ ਵਿਚ ਕਿਹਾ,''ਪਾਕਿਸਤਾਨੀ ਜਲ ਸੈਨਾ ਨੇ ਪਣਡੁੱਬੀ ਨੂੰ ਪਿੱਛੇ ਹਟਾਉਣ ਲਈ ਵਿਸ਼ੇਸ਼ ਹੁਨਰ ਦੀ ਵਰਤੋਂ ਕੀਤੀ ਅਤੇ ਉਸ ਨੂੰ ਪਾਕਿਸਤਾਨ ਜਲ ਖੇਤਰ ਵਿਚ ਦਾਖਲ ਹੋਣ ਤੋਂ ਰੋਕਣ ਵਿਚ ਸਫਲਤਾ ਪਾਈ।''
ਬੁਲਾਰੇ ਨੇ ਕਿਹਾ,''ਪਾਕਿਸਤਾਨ ਨੇ ਸ਼ਾਂਤੀ ਦੀ ਨੀਤੀ ਦੇ ਮੱਦੇਨਜ਼ਰ ਭਾਰਤੀ ਪਣਡੁੱਬੀ ਨੂੰ ਨਿਸ਼ਾਨਾ ਨਹੀਂ ਬਣਾਇਆ।'' ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਇਸ ਘਟਨਾ ਨਾਲ ਸਿੱਖਣਾ ਚਾਹੀਦਾ ਹੈ ਅਤੇ ਸ਼ਾਂਤੀ ਵੱਲ ਅੱਗੇ ਵਧਣਾ ਚਾਹੀਦਾ ਹੈ। ਬੁਲਾਰੇ ਨੇ ਕਿਹਾ,''ਪਾਕਿਸਤਾਨੀ ਜਲ ਸੈਨਾ ਆਪਣੇ ਜਲ ਖੇਤਰ ਦੀ ਰੱਖਿਆ ਲਈ ਹਮੇਸ਼ਾ ਤਿਆਰ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਹਮਲਾ ਦਾ ਪੂਰੀ ਤਾਕਤ ਨਾਲ ਜਵਾਬ ਦੇਣ ਵਿਚ ਸਮਰੱਥ ਹੈ।''
ਉੱਧਰ ਜਲ ਸੈਨਾ ਨੇ ਦਾਅਵਾ ਕੀਤਾ ਕਿ ਇਹ ਨਵੰਬਰ 2016 ਦੇ ਬਾਅਦ ਦੂਜਾ ਅਜਿਹਾ ਮਾਮਲਾ ਹੈ ਜਦੋ ਉਸ ਨੇ ਭਾਰਤੀ ਜਲ ਸੈਨਾ ਨੂੰ ਪਾਕਿਸਤਾਨ ਦੇ ਜਲ ਖੇਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਫੜਿਆ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਸਾਲ 2016 ਵਿਚ ਜਲ ਸੈਨਾ ਨੇ ਭਾਰਤੀ ਪਣਡੁੱਬੀ ਨੂੰ ਦੇਸ਼ ਦੇ ਜਲ ਖੇਤਰ ਵਿਚ ਦਾਖਲ ਹੋਣ ਤੋਂ ਸਫਲਤਾਪੂਰਵਕ ਰੋਕਿਆ ਸੀ।