ਇਮਰਾਨ ਨੇ ਹਿੰਸਾ ਪੀੜਤਾਂ ਲਈ ਮੁਆਵਜ਼ਾ ਪੈਕੇਜ ਦੇ ਦਿੱਤੇ ਖਾਸ ਨਿਰਦੇਸ਼

11/08/2018 12:15:12 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਿੰਸਾ ਪੀੜਤਾਂ ਲਈ ਮੁਆਵਜ਼ਾ ਪੈਕੇਜ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਮਰਾਨ ਖਾਨ ਨੇ ਪੰਜਾਬ ਸਰਕਾਰ ਨੂੰ ਉਨ੍ਹਾਂ ਲੋਕਾਂ ਲਈ ਮੁਆਵਜ਼ੇ ਦਾ ਇਕ ਪੈਕੇਜ ਤਿਆਰ ਕਰਨ ਲਈ ਕਿਹਾ ਹੈ ਜਿਨ੍ਹਾਂ ਦੀ ਜਾਇਦਾਦ ਨੂੰ ਈਸਾਈ ਮਹਿਲਾ ਆਸੀਆ ਬੀਬੀ ਨੂੰ ਰਿਹਾਅ ਕੀਤੇ ਜਾਣ ਦੇ ਵਿਰੋਧ ਵਿਚ ਮਜ਼ਹਬੀ ਕੱਟੜਪੰਥੀਆਂ ਦੇ ਹਾਲ ਹੀ ਵਿਚ ਕੀਤੇ ਹਿੰਸਕ ਪ੍ਰਦਰਸ਼ਨ ਦੌਰਾਨ ਨੁਕਸਾਨ ਪਹੁੰਚਿਆ ਸੀ। ਪ੍ਰਧਾਨ ਮੰਤਰੀ ਨੂੰ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਹਿੰਸਕ ਪ੍ਰਦਰਸ਼ਨਾਂ ਅਤੇ ਇਸ ਕਾਰਨ ਆਮ ਲੋਕਾਂ ਨੂੰ ਹੋਈ ਪਰੇਸ਼ਾਨੀ ਦੇ ਬਾਰੇ ਵਿਚ ਦੱਸਿਆ ਸੀ। 

ਉਨ੍ਹਾਂ ਦੇ ਦਫਤਰ ਨੇ ਦੱਸਿਆ,''ਇਮਰਾਨ ਖਾਨ ਨੇ ਬੁੱਧਵਾਰ ਨੂੰ ਨਿਰਦੇਸ਼ ਦਿੱਤੇ ਕਿ ਜਿਹੜੇ ਲੋਕਾਂ ਨੂੰ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਨਾਲ ਹੀ ਪ੍ਰਧਾਨ ਮੰਤਰੀ ਨੇ ਪੰਜਾਬ ਸਰਕਾਰ ਨੂੰ ਇਸ ਲਈ ਪੈਕੇਜ ਤਿਆਰ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।'' ਹਾਲੇ ਇਹ ਪਤਾ ਨਹੀਂ ਚੱਲ ਪਾਇਆ ਹੈ ਕਿ ਹਿੰਸਾ ਵਿਚ ਕਿੰਨੇ ਲੋਕ ਜ਼ਖਮੀ ਹੋਏ ਪਰ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਨੂੰ 15,000 ਕਰੋੜ ਰੁਪਏ ਤੋਂ ਲੈ ਕੇ 17,000 ਕਰੋੜ ਰੁਪਏ ਤੱਕ ਦਾ ਵਿੱਤੀ ਨੁਕਸਾਨ ਹੋਇਆ। ਈਸਾਈ ਮਹਿਲਾ ਆਸੀਆ ਬੀਬੀ ਨੂੰ ਸਾਲ 2010 ਵਿਚ ਪੈਗੰਬਰ ਮੁਹੰਮਦ ਦੀ ਨਿੰਦਾ ਕਰਨ ਲਈ ਸਜ਼ਾ ਸੁਣਾਈ ਗਈ ਸੀ। ਬੀਤੇ ਹਫਤੇ ਪਾਕਿਸਤਾਨ ਦੀ ਉੱਚ ਅਦਾਲਤ ਨੇ ਉਸ ਨੂੰ ਰਿਹਾਅ ਕਰ ਦਿੱਤਾ। ਇਸ ਮਗਰੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਆਸੀਆ ਬੀਬੀ ਦੀ ਰਿਹਾਈ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤੇ ਗਏ ਸਨ।


Vandana

Content Editor

Related News