ਪਾਕਿ ਨੇ ਐਮਰਜੰਸੀ ਹਾਲਾਤ ''ਚ ਕੀਤੀ ਭਾਰਤ ਦੀ ਮਦਦ

11/16/2019 3:22:18 PM

ਇਸਲਾਮਾਬਾਦ— ਬਾਲਾਕੋਟ ਹਵਾਈ ਕਾਰਵਾਈ ਤੇ ਕਸ਼ਮੀਰ ਮਸਲੇ 'ਤੇ ਤਣਾਅ ਵਿਚਾਲੇ ਪਾਕਿਸਤਾਨ ਨੇ ਐਮਰਜੰਸੀ ਹਾਲਾਤ 'ਚ ਭਾਰਤ ਦੀ ਮਦਦ ਕੀਤੀ ਹੈ। ਪਾਕਿਸਤਾਨ ਐਵੀਏਸ਼ਨ ਰੈਗੂਲੇਟਰੀ ਦੇ ਇਕ ਹਵਾਈ ਆਵਾਜਾਈ ਕੰਟਰੋਲਰ ਨੇ ਇਕ ਭਾਰਤੀ ਜਹਾਜ਼ ਦੇ ਪਾਇਲਟ ਤੋਂ ਐਮਰਜੰਸੀ ਸੰਦੇਸ਼ ਮਿਲਣ ਤੋਂ ਬਾਅਦ ਜਹਾਜ਼ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾਇਆ। ਜੈਪੁਰ ਤੋਂ ਓਮਾਨ ਦੀ ਰਾਜਧਾਨੀ ਮਸਕਤ ਜਾਣ ਵਾਲੇ ਜਹਾਜ਼ ਦੇ ਪਾਇਲਟ ਨੇ ਖਰਾਬ ਮੌਸਮ ਦੇ ਕਾਰਨ ਇਹ ਸੰਦੇਸ਼ ਜਾਰੀ ਕੀਤਾ ਸੀ।

ਐਵੀਏਸ਼ਨ ਰੈਗੂਲੇਟਰੀ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਦੱਖਣੀ ਸਿੰਧ ਸੂਬੇ ਦੇ ਚੋਰ ਇਲਾਕੇ 'ਚ ਜਹਾਜ਼ ਦਾ ਖਰਾਬ ਮੌਸਮੀ ਪਰੀਸਥਿਤੀਆਂ ਨਾਲ ਸਾਹਮਣਾ ਹੋਇਆ। 'ਦ ਨਿਊਜ਼ ਇੰਟਰਨੈਸ਼ਨਲ' ਦੀ ਇਕ ਖਬਰ ਮੁਤਾਬਕ ਜਹਾਜ਼ 'ਚ 150 ਯਾਤਰੀ ਸਵਾਰ ਸਨ। ਜਹਾਜ਼ ਵੀਰਵਾਰ ਨੂੰ ਕਰਾਚੀ ਖੇਤਰ ਦੇ ਉਪਰੋਂ ਉਡਾਣ ਭਰ ਰਿਹਾ ਸੀ ਤਦੇ ਜਹਾਜ਼ ਆਸਮਾਨੀ ਬਿਜਲੀ ਦੀ ਲਪੇਟ 'ਚ ਆ ਗਿਆ ਤੇ ਲਗਭਗ ਉਸੇ ਵੇਲੇ 36 ਹਜ਼ਾਰ ਦੀ ਉਚਾਈ ਤੋਂ ਡਿੱਗ ਕੇ 34 ਹਜ਼ਾਰ ਫੁੱਟ ਦੀ ਉਚਾਈ 'ਤੇ ਆ ਗਿਆ। ਇਸ ਦੇ ਨਤੀਜੇ ਵਜੋਂ ਪਾਇਲਟ ਨੇ ਐਮਰਜੰਸੀ ਪ੍ਰੋਟੋਕਾਲ ਜਾਰੀ ਕੀਤਾ ਤੇ ਕੋਲ ਦੇ ਸਟੇਸ਼ਨਾਂ ਨੂੰ ਖਤਰੇ ਦੀ ਸੂਚਨਾ ਦਿੱਤੀ। ਪਾਕਿਸਤਾਨ ਦੇ ਹਵਾਈ ਆਵਾਜਾਈ ਕੰਟਰੋਲ ਨੇ ਪਾਇਲਟ ਦੀ ਚਿਤਾਵਨੀ 'ਤੇ ਤੁਰੰਤ ਪ੍ਰਤੀਕਿਰਿਆ ਕੀਤੀ ਤੇ ਨੇੜੇ ਦੇ ਖੇਤਰ 'ਚ ਜਹਾਜ਼ ਨੂੰ ਬਾਕੀ ਯਾਤਰਾ ਲਈ ਪਾਕਿਸਤਾਨੀ ਹਵਾਈ ਖੇਤਰ 'ਚ ਸੰਘਣੇ ਹਵਾਈ ਆਵਾਜਾਈ ਦੇ ਮਾਧਿਅਮ ਨਾਲ ਨਿਰਦੇਸ਼ਿਤ ਕੀਤਾ।

ਇਸ ਸਾਲ ਭਾਰਤ ਦੇ ਨਾਲ ਵਿਰੋਧ ਦੇ ਮੱਦੇਨਜ਼ਰ ਕਰੀਬ ਪੰਜ ਮਹੀਨੇ ਦੀ ਪਾਬੰਦੀ ਤੋਂ ਬਾਅਦ ਪਾਕਿਸਤਾਨ ਨੇ 16 ਜੁਲਾਈ ਨੂੰ ਆਪਣੇ ਹਵਾਈ ਇਲਾਕੇ ਭਾਰਤ ਦੇ ਲਈ ਖੋਲ ਦਿੱਤੇ ਸਨ। ਬਾਲਾਕੋਟ ਹਵਾਈ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ 26 ਫਰਵਰੀ ਨੂੰ ਆਪਣਾ ਹਵਾਈ ਇਲਾਕਾ ਬੰਦ ਕਰ ਦਿੱਤਾ ਸੀ। ਪਿਛਲੇ ਮਹੀਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਊਦੀ ਯਾਤਰਾ ਦੇ ਮੱਦੇਨਜ਼ਰ ਉਨ੍ਹਾਂ ਦੇ ਜਹਾਜ਼ ਲਈ ਆਪਣੇ ਹਵਾਈ ਖੇਤਰ ਦੀ ਵਰਤੋਂ ਤੋਂ ਇਨਕਾਰ ਕਰ ਦਿੱਤਾ ਸੀ। ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਦੇ ਨਾਲ ਡਿਪਲੋਮੈਟਿਕ ਸਬੰਧ ਘਟਾ ਦਿੱਤੇ ਸਨ।


Baljit Singh

Content Editor

Related News