ਪਾਕਿ ਨੇ ਚੀਨੀ ਨਾਗਰਿਕਾਂ ਨੂੰ ਦਿੱਤੀ ਸੁਰੱਖਿਆ, SSU ਦੇ 1500 ਜਵਾਨ ਤਾਇਨਾਤ

03/05/2023 3:24:42 PM

ਇਸਲਾਮਾਬਾਦ (ਬਿਊਰੋ)– ਪਾਕਿਸਤਾਨ ’ਚ ਚੀਨੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸ਼ਾਹਬਾਜ਼ ਸਰਕਾਰ ਨੇ ਖੈਬਰ ਪਖਤੂਨਖਵਾ ’ਚ ਚੀਨੀ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਵਿਸ਼ੇਸ਼ ਸੁਰੱਖਿਆ ਯੂਨਿਟ ਦੇ 1500 ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ ਕੀਤੇ ਹਨ। ਚੀਨੀ ਨਾਗਰਿਕ ਖੈਬਰ ਪਖਤੂਨਖਵਾ ’ਚ ਵੱਖ-ਵੱਖ ਪ੍ਰੋਜੈਕਟਾਂ ’ਤੇ ਕੰਮ ਕਰ ਰਹੇ ਹਨ।

ਅਧਿਕਾਰੀਆਂ ਮੁਤਾਬਕ ਵਿਸ਼ੇਸ਼ ਸੁਰੱਖਿਆ ਯੂਨਿਟ ਤੋਂ ਇਲਾਵਾ ਖੈਬਰ ਪਖਤੂਨਖਵਾ ’ਚ ਚੀਨੀ ਨਾਗਰਿਕਾਂ ਤੇ ਉਨ੍ਹਾਂ ਦੇ ਪ੍ਰਾਜੈਕਟਾਂ ਦੀ ਸੁਰੱਖਿਆ ਲਈ ਜ਼ਿਲਾ ਪੁਲਸ, ਇਲੀਟ ਫੋਰਸ ਤੇ ਫਰੰਟੀਅਰ ਰਿਜ਼ਰਵ ਪੁਲਸ ਦੇ ਕਰਮਚਾਰੀ ਵੀ ਵੱਡੀ ਗਿਣਤੀ ’ਚ ਤਾਇਨਾਤ ਕੀਤੇ ਗਏ ਹਨ।

ਪੁਲਸ ਇੰਸਪੈਕਟਰ ਜਨਰਲ ਅਖਤਰ ਹਯਾਤ ਖ਼ਾਨ ਨੇ ਪੇਸ਼ਾਵਰ ਦੇ ਚਾਈਨਾ ਵਿੰਡੋ ’ਤੇ ਇਕ ਸਮਾਗਮ ਦੌਰਾਨ ਇਸ ਦੀ ਪੁਸ਼ਟੀ ਕੀਤੀ ਹੈ। ਹਯਾਤ ਖ਼ਾਨ ਨੇ ਕਿਹਾ ਕਿ ਉਨ੍ਹਾਂ ਨੇ ਆਈ. ਜੀ. ਵਜੋਂ ਚਾਰਜ ਸੰਭਾਲਣ ਤੋਂ ਬਾਅਦ ਸੁਰੱਖਿਆ ਦਾ ਮੁਆਇਨਾ ਕਰਨ ਲਈ ਇਨ੍ਹਾਂ ’ਚੋਂ ਕੁਝ ਪ੍ਰੋਜੈਕਟਾਂ ਦਾ ਦੌਰਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕੀ 8 ਸਾਲ ਦੀ ਉਮਰ 'ਚ ਔਰਤ ਬਣ ਗਈ ਸੀ ਮਾਂ? ਧੀ ਦੀ ਉਮਰ 15 ਅਤੇ ਮਾਂ ਦੀ 23 ਸਾਲ

ਸਮਾਚਾਰ ਏਜੰਸੀ ਨੇ ਅਖਤਰ ਦੇ ਹਵਾਲੇ ਨਾਲ ਕਿਹਾ, ‘‘ਖੈਬਰ ਪਖਤੂਨਖਵਾ ਦੇ ਵੱਖ-ਵੱਖ ਹਿੱਸਿਆਂ ’ਚ ਚੀਨੀ ਪ੍ਰੋਜੈਕਟਾਂ ਨੂੰ ਢੁੱਕਵੀਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਐੱਸ. ਐੱਸ. ਯੂ. ਦੇ 1500 ਪੁਲਸ ਕਰਮਚਾਰੀ ਜ਼ਿਲਾ ਪੁਲਸ, ਇਲੀਟ ਫੋਰਸ ਤੇ ਐੱਫ. ਆਰ. ਪੀ. ਦੇ ਹੋਰ ਪੁਲਸ ਕਰਮਚਾਰੀਆਂ ਦੇ ਨਾਲ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਹਨ।’’

ਅਖਤਰ ਹਯਾਤ ਖ਼ਾਨ ਨੇ ਕਿਹਾ ਕਿ ਸੂਬੇ ਤੇ ਪਾਕਿਸਤਾਨ ਦੇ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਰੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਡੀ. ਜੀ. ਪੀ. ਨੇ ਕਿਹਾ ਕਿ ਵਿਦੇਸ਼ੀਆਂ ਦੀ ਸੁਰੱਖਿਆ ਲਈ ਖੈਬਰ ਪਖਤੂਨਖਵਾ ਪੁਲਸ ’ਚ ਇਕ ਵਿਸ਼ੇਸ਼ ਸੁਰੱਖਿਆ ਯੂਨਿਟ ਦਾ ਗਠਨ ਕੀਤਾ ਗਿਆ ਹੈ ਤੇ ਇਸ ਯੂਨਿਟ ਨੂੰ ਹਾਲ ਹੀ ’ਚ  ਅਪਗ੍ਰੇਡ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News