ਪਾਕਿ : 10ਵੀਂ 'ਚ ਪੜ੍ਹਦੇ ਮੁੰਡੇ 'ਤੇ ਅਧਿਆਪਕ ਨੇ ਢਾਹਿਆ ਕਹਿਰ, ਹੋਈ ਮੌਤ

09/06/2019 11:18:43 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਲਾਹੌਰ ਦੇ ਇਕ ਸਕੂਲ ਵਿਚ ਇਕ ਅਧਿਆਪਕ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਇੱਥੇ ਗੁਲਸ਼ਨ-ਏ-ਰਾਵੀ ਖੇਤਰ ਦੇ ਇਕ ਨਿੱਜੀ ਸਕੂਲ ਦੇ ਅਧਿਆਪਕ ਕਾਮਰਾਨ ਨੇ ਸਕੂਲ ਵਿਚ ਪੜ੍ਹਨ ਵਾਲੇ 10ਵੀਂ ਜਮਾਤ ਦੇ ਵਿਦਿਆਰਥੀ ਨੂੰ ਮੁੰਡੇ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਇਹ ਘਟਨਾ ਵੀਰਵਾਰ ਨੂੰ ਵਾਪਰੀ। ਮੌਕੇ 'ਤੇ ਪਹੁੰਚੀ ਪੁਲਸ ਨੇ ਮੁੰਡੇ ਦੀ ਲਾਸ਼ ਨੂੰ ਜ਼ਬਤ ਕਰ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਸ ਨੇ ਦੋਸ਼ੀ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ। ਪੁਲਸ ਮੁਤਾਬਕ 10ਵੀਂ ਜਮਾਤ ਦੇ 16 ਸਾਲਾ ਵਿਦਿਆਰਥੀ ਹਾਫਿਜ਼ ਹੁਨੇਨ ਬਿਲਾਲ ਨੂੰ ਉਸ ਦੇ ਅਧਿਆਪਕ ਵੱਲੋਂ ਪਰੇਸ਼ਾਨ ਕੀਤਾ ਗਿਆ ਸੀ।

ਪੁਲਸ ਅਤੇ ਸਕੂਲ ਦੇ ਹੋਰ ਵਿਦਿਆਰਥੀਆਂ ਮੁਤਾਬਕ ਬੱਚੇ ਨੇ ਆਪਣਾ ਪਾਠ ਯਾਦ ਨਹੀਂ ਕੀਤਾ ਸੀ। ਇਸ ਗੱਲ ਨਾਲ ਨਾਰਾਜ਼ ਅਧਿਆਪਕ ਨੇ ਹਾਫਿਜ਼ ਹੁਨੇਨ ਬਿਲਾਲ ਨਾਮ ਦੇ ਵਿਦਿਆਰਥੀ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਆਪਣੇ ਗੁੱਸੇ ਵਿਚ ਪਾਗਲ ਅਧਿਆਪਕ ਨੇ ਹਾਫਿਜ਼ ਨੂੰ ਮਾਰ ਹੀ ਦਿੱਤਾ। ਹੁਣ ਬੱਚੇ ਦੀ ਮੌਤ ਨਾਲ ਦੁਖੀ ਪਿਤਾ ਨੇ ਅਧਿਆਪਕ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾਈ ਹੈ। ਐੱਫ.ਆਈ.ਆਰ. ਮੁਤਾਬਰ ਹਾਫਿਜ਼ ਅਮੇਰਿਕਨ ਲਾਇਸਟਫ ਸਕੂਲ (American Lycetuff school) ਦਾ ਵਿਦਿਆਰਥੀ ਸੀ। 

ਆਪਣੀ ਸ਼ਿਕਾਇਤ ਵਿਚ ਹਾਫਿਜ਼ ਦੇ ਪਿਤਾ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਸ਼ਾਸਨ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਉਨ੍ਹਾਂ ਦੇ ਮਾਸੂਮ ਬੱਚੇ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ। ਇਸ ਦੇ ਨਾਲ ਹੀ ਦੱਸਿਆ ਕਿ ਜਲਦੀ ਫੀਸ ਨਾ ਦੇਣ ਕਾਰਨ ਹਾਫਿਜ਼ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ। ਹਾਫਿਜ਼ ਦੇ ਪਿਤਾ ਮੁਤਾਬਕ,''ਵੀਰਵਾਰ ਨੂੰ 1 ਵਜੇ ਉਨ੍ਹਾਂ ਨੂੰ ਸਕੂਲ ਦੇ ਪ੍ਰਿੰਸੀਪਲ ਦਾ ਫੋਨ ਆਇਆ, ਜਿਸ ਵਿਚ ਉਨ੍ਹਾਂ ਨੇ ਹਾਫਿਜ਼ ਦੀ ਮੌਤ ਦੀ ਖਬਰ ਦਿੱਤੀ। ਪ੍ਰਿੰਸੀਪਲ ਨੇ ਦੱਸਿਆ ਕਿ ਉਹ ਹਾਫਿਜ਼ ਨੂੰ ਗੋਸ਼ਾ-ਏ-ਸ਼ੀਫਾ ਹਸਪਤਾਲ ਲਿਜਾ ਰਹੇ ਹਨ।'' 

ਇਕਬਾਲ ਟਾਊਨ ਦੇ ਐੱਸ.ਪੀ. ਮੁਹੰਮਦ ਅਜਮਲ ਨੇ ਕਿਹਾ,''ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਪੋਸਟਮਾਰਟ ਦੇ ਨਤੀਜੇ ਦੇ ਬਾਅਦ ਹੀ ਤੱਥ ਸਾਹਮਣੇ ਆਉਣਗੇ।'' ਪੁਲਸ ਦੇ ਬੁਲਾਰੇ ਮੁਤਾਬਕ ਮੁੰਡੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਹਾਫਿਜ਼ ਦੀ ਕਲਾਸ ਦੇ ਇਕ ਵਿਦਿਆਰਥੀ ਨੇ ਦੱਸਿਆ,''ਅਧਿਆਪਕ ਨੇ ਹਾਫਿਜ਼ ਦੇ ਸਰੀਰ ਦੇ ਹਰ ਪਾਸੇ, ਉਸ ਦੇ ਪੇਟ 'ਤੇ ਲਗਾਤਾਰ ਮੁੱਕੇ ਮਾਰੇ। ਉਸ ਨੂੰ ਵਾਲਾਂ ਤੋਂ ਫੜ ਕੇ ਉਸ ਦਾ ਸਿਰ ਬਾਰ-ਬਾਰ ਕੰਧ ਵਿਚ ਮਾਰਿਆ। ਇਸ ਦੇ ਨਾਲ ਹੀ ਉਹ ਉੱਚੀ-ਉੱਚੀ ਬੋਲ ਰਹੇ ਸਨ। ਅਖੀਰ ਜਦੋਂ ਹਾਫਿਜ਼ ਬੇਹੋਸ਼ ਹੋ ਕੇ ਡਿੱਗ ਪਿਆ ਤਾਂ ਅਧਿਆਪਕ ਨੇ ਕਿਹਾ ਕਿ ਉਹ ਨਾਟਕ ਕਰ ਰਿਹਾ ਹੈ।'' ਇੰਨੇ ਵਿਚ ਪ੍ਰਿੰਸੀਪਲ ਸਾਹਿਬ ਉੱਥੇ ਪਹੁੰਚ ਗਏ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਹਾਫਿਜ਼ ਦੇ ਅੰਕਲ ਫੈਜ਼ਲ ਨੇ ਪਰਿਵਾਰ ਲਈ ਨਿਆਂ ਦੀ ਮੰਗ ਕੀਤੀ ਹੈ।


Vandana

Content Editor

Related News