ਪਾਕਿਸਤਾਨ : ਬੰਦੂਕਧਾਰੀਆਂ ਨੇ ਪੁਲਸ ਅਧਿਕਾਰੀ ਦੀ ਕਾਰ ''ਤੇ ਵਰ੍ਹਾਈਆਂ ਗੋਲੀਆਂ
Wednesday, Jun 20, 2018 - 05:24 PM (IST)
ਕੋਇਟਾ— ਪਾਕਿਸਤਾਨ ਦੇ ਉੱਤਰੀ-ਪੱਛਮੀ ਸ਼ਹਿਰ ਕੋਇਟਾ ਵਿਚ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਬੁੱਧਵਾਰ ਨੂੰ ਇਕ ਪੁਲਸ ਅਧਿਕਾਰੀ ਦੀ ਕਾਰ 'ਤੇ ਗੋਲੀਆਂ ਵਰ੍ਹਾਈਆਂ, ਜਿਸ ਵਿਚ ਉਨ੍ਹਾਂ ਦੇ ਨਾਬਾਲਗ ਪੁੱਤਰ ਅਤੇ ਇਕ ਰਿਸ਼ਤੇਦਾਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿਚ ਪੁਲਸ ਅਧਿਕਾਰੀ ਗੰਭੀਰ ਰੂਪ ਨਾਲ ਜ਼ਖਮੀ ਹੈ। ਇਕ ਪੁਲਸ ਅਧਿਕਾਰੀ ਅਬਦੁੱਲ ਕਿਊਮ ਨੇ ਦੱਸਿਆ ਕਿ ਅਬਦੁੱਲ ਸਮਦ 'ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਕੁਝ ਸਾਮਾਨ ਖਰੀਦ ਕੇ ਵਾਪਸ ਪਰਤ ਰਹੇ ਸਨ।
ਪੁਲਸ ਅਧਿਕਾਰੀ ਕਿਊਮ ਨੇ ਦੱਸਿਆ ਕਿ ਬੰਦੂਕਧਾਰੀ ਇਸ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਮੋਟਰਸਾਈਕਲ 'ਤੇ ਬੈਠ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਸ ਅਧਿਕਾਰੀ ਸਮਦ ਦੇ ਪੁੱਤਰ ਅਤੇ ਉਨ੍ਹਾਂ ਦੀ ਰਿਸ਼ਤੇਦਾਰ ਨੇ ਹਸਪਤਾਲ 'ਚ ਦਮ ਤੋੜ ਦਿੱਤਾ, ਜਦਕਿ ਸਮਦ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਣਯੋਗ ਹੈ ਕਿ ਅੱਤਵਾਦ ਰੋਕੂ ਪੁਲਸ ਨੇ ਤੇਰਾ ਮੀਲ ਇਲਾਕੇ ਵਿਚ ਬੀਤੀ ਰਾਤ 4 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ, ਜਿਸ ਦੇ ਕੁਝ ਘੰਟਿਆਂ ਬਾਅਦ ਇਹ ਘਟਨਾ ਵਾਪਰੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕੋਇਟਾ, ਬਲੋਚਿਸਤਾਨ ਸੂਬੇ ਦੀ ਰਾਜਧਾਨੀ ਹੈ, ਜਿੱਥੇ ਬਲੋਚ ਵੱਖਵਾਦੀ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਰਹਿੰਦੇ ਹਨ। ਖੇਤਰ ਵਿਚ ਇਸਲਾਮਿਕ ਅੱਤਵਾਦੀ (ਆਈ. ਐੱਸ. ਆਈ. ਐੱਸ.) ਵੀ ਸਰਗਰਮ ਹਨ।
