ਪਾਕਿ ਨੇ ਹੁਣ ਵਰਲਡ ਬੈਂਕ ਤੋਂ ਲਿਆ 32 ਅਰਬ ਰੁਪਏ ਦਾ ਕਰਜ਼
Sunday, Jun 20, 2021 - 07:15 PM (IST)
ਇਸਲਾਮਾਬਾਦ (ਬਿਊਰੋ) ਆਰਥਿਕ ਮੰਦੀ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਨੇ ਇਕ ਵਾਰ ਫਿਰ ਕਰਜ਼ ਲਿਆ ਹੈ।ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੀ ਆਰਥਿਕ ਹਾਲਤ ਸੁਧਾਰਨ ਲਈ ਇਸ ਵਾਰ ਵਿਸ਼ਵ ਬੈਂਕ ਤੋਂ 442 ਮਿਲੀਅਨ ਡਾਲਰ ਦਾ ਨਵਾਂ ਕਰਜ਼ ਲਿਆ ਹੈ। ਭਾਰਤੀ ਰੁਪਏ ਵਿਚ ਕਰਜ਼ ਦੀ ਇਹ ਰਾਸ਼ੀ 32 ਅਰਬ ਰੁਪਏ ਤੋਂ ਵੀ ਜ਼ਿਆਦਾ ਬਣਦੀ ਹੈ। ਪਹਿਲਾਂ ਤੋਂ ਹੀ ਹਰੇਕ ਪਾਕਿਸਤਾਨੀ ਨਾਗਰਿਕ 'ਤੇ 1 ਲੱਖ 75 ਹਜ਼ਾਰ ਰੁਪਏ ਦਾ ਕਰਜ਼ ਹੈ। ਅਜਿਹੇ ਵਿਚ ਨਵੇਂ-ਨਵੇਂ ਕਰਜ਼ ਲੈ ਕੇ ਇਮਰਾਨ ਖਾਨ ਦੇਸ਼ ਦੀ ਖਸਤਾ ਹਾਲਤ ਨੂੰ ਹੋਰ ਵਿਗਾੜ ਰਹੇ ਹਨ।
ਇਹਨਾਂ ਕੰਮਾਂ ਲਈ ਲਿਆ ਕਰਜ਼
ਵਿਸ਼ਵ ਬੈਂਕ ਨੇ ਪਾਕਿਸਤਾਨ ਨੂੰ ਇਹ ਕਰਜ਼ ਪੰਜਾਬ ਸੂਬੇ ਵਿਚ ਸਭ ਤੋਂ ਕਮਜ਼ੋਰ ਪੇਂਡੂ ਭਾਈਚਾਰਿਆਂ ਲਈ ਪਾਣੀ ਅਤੇ ਸਫਾਈ ਦੇ ਖੇਤਰ ਵਿਚ ਨਿਵੇਸ਼ ਲਈ ਲਿਆ ਹੈ। ਪਾਕਿਸਤਾਨ ਨੇ ਕੁਝ ਦਿਨ ਪਹਿਲਾਂ ਹੀ 2021-22 ਦੇ ਆਰਥਿਕ ਸਰਵੇ ਵਿਚ ਕੋਰੋਨਾ ਮਹਾਮਾਰੀ ਕਾਰਨ ਦੇਸ਼ ਵਿਚ ਗਰੀਬੀ ਦੇ ਹਾਲਾਤ ਵਿਚ ਵੱਡੇ ਵਾਧੇ ਦਾ ਖਦਸ਼ਾ ਜਤਾਇਆ ਸੀ। ਵਿਸ਼ਵ ਬੈਂਕ ਦੇ ਬੋਰਡ ਆਫ ਡਾਇਰੈਕਟਰਸ ਨੇ ਪੰਜਾਬ ਪੇਂਡੂ ਜਲ ਸਪਲਾਈ ਅਤੇ ਸਫਾਈ ਪ੍ਰਾਜੈਕਟ (PRSWSSP) ਲਈ ਇਹ ਫੰਡ ਜਾਰੀ ਕੀਤਾ ਹੈ। ਇਸ ਰਾਸ਼ੀ ਦੀ ਵਰਤੋਂ ਪੰਜਾਬ ਦੇ ਪੇਂਡੂ ਸੂਬਿਆਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ, ਸੀਵਰ ਲਾਈਨਾਂ ਨਾਲ ਹਰੇਕ ਘਰ ਦਾ ਕੁਨੈਕਸ਼ਨ ਅਤੇ ਸਫਾਈ ਦੇ ਬੁਨਿਆਦੀ ਢਾਂਚਿਆਂ ਵਿਚ ਨਿਵੇਸ਼ ਦਾ ਕੰਮ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਤਾਇਵਾਨ ਨੂੰ ਭੇਜੀਆਂ ਐਂਟੀ ਕੋਵਿਡ-19 ਟੀਕੇ ਦੀਆਂ 25 ਲੱਖ ਖੁਰਾਕਾਂ
ਵਰਲਡ ਬੈਂਕ ਦੇ ਸਥਾਨਕ ਦਫਤਰ ਨੇ ਦਾਅਵਾ ਕੀਤਾ ਹੈ ਕਿ ਇਸ ਪ੍ਰਾਜੈਕਟ ਵਿਚ ਸਭ ਤੋਂ ਗਰੀਬ ਅਤੇ ਪੇਂਡੂ ਖੇਤਰਾਂ ਨੂੰ ਤਰਜੀਹ ਦਿੱਤੀ ਜਾਵੇਗੀ, ਜਿੱਥੇ ਸਾਫ ਪਾਣੀ ਦੀ ਕਮੀ ਨਾਲ ਬੱਚਿਆਂ ਦੀ ਸਿਹਤ 'ਤੇ ਬੁਰਾ ਅਸਰ ਪੈ ਰਿਹਾ ਹੈ। ਭਾਵੇਂਕਿ ਪਾਕਿਸਤਾਨ ਸਰਕਾਰ ਇਸ ਫੰਡ ਦੀ ਵਰਤੋਂ ਕਿਵੇਂ ਕਰੇਗੀ ਇਹ ਤਾਂ ਸਮਾਂ ਹੀ ਦੱਸੇਗਾ।
ਇੱਥੇ ਦੱਸ ਦਈਏ ਕਿ ਇਸ ਸਾਲ ਜਨਵਰੀ ਤੋਂ ਲੈਕੇ ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਤੋਂ ਕਰੀਬ 130 ਅਰਬ ਰੁਪਏ ਦਾ ਕਰਜ਼ ਲੈ ਚੁੱਕਾ ਹੈ। ਮਾਰਚ ਵਿਚ ਹੀ ਆਈ.ਐੱਮ.ਐੱਫ. ਨੇ ਪਾਕਿਸਤਾਨ ਨੂੰ 500 ਮਿਲੀਅਨ ਡਾਲਰ ਦਾ ਕਰਜ਼ ਦੇਣ ਦਾ ਐਲਾਨ ਕੀਤਾ ਸੀ, ਜਿਸ ਮਗਰੋਂ ਇਸੇ ਮਹੀਨੇ ਪਾਕਿਸਤਾਨ ਅਤੇ ਵਿਸ਼ਵ ਬੈਂਕ ਵਿਚਕਾਰ 1.3 ਬਿਲੀਅਨ ਡਾਲਰ ਦੇ ਨਵੇਂ ਕਰਜ਼ 'ਤੇ ਸਹਿਮਤੀ ਬਣੀ ਸੀ।