ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਫਰਜ਼ੀ ਬੈਂਕ ਖਾਤਾ ਕੇਸ 'ਚ ਗ੍ਰਿਫਤਾਰ

06/10/2019 6:24:04 PM

ਇਸਲਾਮਾਬਾਦ: ਪਾਕਿਸਤਾਨ ਦੀ ਚੋਟੀ ਦੀ ਭ੍ਰਿਸ਼ਟਾਚਾਰ ਰੋਕੂ ਸੰਸਥਾ ਨੇ ਫਰਜ਼ੀ ਬੈਂਕ ਖਾਤਾ ਕੇਸ ਵਿਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਸੋਮਵਾਰ ਨੂੰ ਇਥੇ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸਲਾਮਾਬਾਦ ਹਾਈ ਕੋਰਟ ਵਲੋਂ ਜ਼ਰਦਾਰੀ ਅਤੇ ਉਨ੍ਹਾਂ ਦੀ ਭੈਣ ਫਰਯਾਲ ਤਾਲਪੁਰ ਦੀ ਅਗਾਊਂ ਜ਼ਮਾਨਤ ਮਿਆਦ ਵਧਾਉਣ ਦੀ ਮੰਗ ਕਰਨ ਵਾਲੀ ਅਰਜ਼ੀ ਖਾਰਿਜ ਕਰ ਦਿੱਤੇ ਜਾਣ ਤੋਂ ਕੁਝ ਹੀ ਸਮੇਂ ਬਾਅਦ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਇਕ ਟੀਮ, ਜਿਸ ਵਿਚ ਮਹਿਲਾ ਪੁਲਸ ਕਰਮਚਾਰੀ ਵੀ ਸ਼ਾਮਲ ਸਨ, ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਸਹਿ-ਪ੍ਰਧਾਨ ਜ਼ਰਦਾਰੀ ਦੇ ਐੱਫ-8 ਸੈਕਟਰ ਸਥਿਤ ਘਰ ਵਿਚ ਦਾਖਲ ਹੋਏ। ਹਾਲਾਂਕਿ ਫਰਯਾਲ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਫਰਜ਼ੀ ਬੈਂਕ ਖਾਤਾ ਕੇਸ ਦੀ ਜਾਂਚ ਕਰ ਰਹੇ ਐੱਨ. ਏ. ਬੀ. ਨੇ ਐਤਵਾਰ ਨੂੰ ਦੋਵਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ।

ਜ਼ਰਦਾਰੀ ਨੂੰ ਪੇਸ਼ੀ ਦੇ ਹੁਕਮ ਜਾਰੀ ਕੀਤੇ ਜਾਣ : ਸ਼ਾਹਬਾਜ਼
ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਐੱਮ. ਐੱਲ. ਐੱਨ.) ਦੇ ਪ੍ਰਧਾਨ ਅਤੇ ਨੈਸ਼ਨਲ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਸੋਮਵਾਰ ਨੂੰ ਗ੍ਰਿਫਤਾਰ ਕੀਤੇ ਗਏ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਪੇਸ਼ੀ ਦੇ ਹੁਕਮ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਜ਼ਰਦਾਰੀ ਐੱਨ. ਏ. ਬੀ. ਦੇ ਸਾਹਮਣੇ ਹਰ ਮੌਕੇ 'ਤੇ ਹਾਜ਼ਰ ਹੁੰਦੇ ਰਹੇ ਸਨ ਅਤੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਸੀ।


Related News