FATF ਦੀ ਗ੍ਰੇ ਲਿਸਟ ''ਚੋਂ ਨਿਕਲਣ ਲਈ ਹੱਥ-ਪੈਰ ਮਾਰ ਰਿਹੈ ਪਾਕਿਸਤਾਨ

Wednesday, Aug 21, 2019 - 03:10 PM (IST)

FATF ਦੀ ਗ੍ਰੇ ਲਿਸਟ ''ਚੋਂ ਨਿਕਲਣ ਲਈ ਹੱਥ-ਪੈਰ ਮਾਰ ਰਿਹੈ ਪਾਕਿਸਤਾਨ

ਇਸਲਾਮਾਬਾਦ— ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਗ੍ਰੇ ਲਿਸਟ ਤੋਂ ਬਚਣ ਲਈ ਪਾਕਿਸਤਾਨ ਜਿੱਥੇ ਹੱਥ ਪੈਰ ਮਾਰ ਰਿਹਾ ਹੈ ਉਥੇ ਹੀ ਵਰਤਮਾਨ 'ਚ ਉਸ ਦੇ ਪ੍ਰਦਰਸ਼ਨ ਤੇ ਅਨੁਪਾਲਨ ਰਿਪੋਰਟ ਦੀ ਸਮੀਖਿਆ ਕੀਤੀ ਜਾ ਰਹੀ ਹੈ। ਡਾਨ ਦੀ ਰਿਪੋਰਟ ਮੁਤਾਬਕ ਵਰਤਮਾਨ 'ਚ ਤਿੰਨ ਵੱਖ-ਵੱਖ ਸਮੀਖਿਆਵਾਂ ਨਾਲ ਅਕਤੂਬਰ ਦੇ ਮੱਧ 'ਚ ਐੱਫ.ਏ.ਟੀ.ਐੱਫ. ਦੀ ਗ੍ਰੇ ਸੂਚੀ ਤੋਂ ਪਾਕਿਸਤਾਨ ਦੇ ਨਿਕਲਣ ਦੀ ਸੰਭਾਵਨਾ ਨਿਰਧਾਰਿਤ ਹੋਵੇਗੀ।

ਇਕ ਚੋਟੀ ਦੇ ਸਰਕਾਰੀ ਅਧਿਕਾਰੀ ਨੇ ਡਾਨ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਐੱਫ.ਏ.ਟੀ.ਐੱਫ. ਦੀ ਖੇਤਰੀ ਇਕਾਈ ਏਸ਼ੀਆ-ਪ੍ਰਸ਼ਾਂਤ ਸਮੂਹ (ਏਪੀਜੀ) ਆਰਥਿਕ ਤੇ ਬੀਮਾ ਸੇਵਾਵਾਂ ਅਤੇ ਸੈਕਟਰਾਂ ਦੇ ਆਪਣੇ ਸਾਰੇ ਖੇਤਰਾਂ 'ਚ ਆਪਣੇ ਤੰਤਰਾਂ ਨੂੰ ਵਿਕਸਿਤ ਕਰਨ ਲਈ ਵਰਤਮਾਨ 'ਚ ਕੈਨਬਰਾ 'ਚ ਪੰਜ-ਸਾਲਾ ਆਪਸੀ ਸਮੀਖਿਆ ਕਰ ਰਿਹਾ ਹੈ। ਇਹ ਦੌਰ ਪਾਕਿਸਤਾਨ ਦੇ ਐੱਫ.ਏ.ਟੀ.ਐੱਫ. ਨੂੰ ਮਨੀ ਲਾਂਡ੍ਰਿੰਗ ਤੇ ਟੈਰਰ ਫੰਡਿੰਗ 'ਤੇ ਕੀਤੀ ਗਈ ਉੱਚ ਪੱਧਰੀ ਵਚਨਬੱਧਤਾ 'ਤੇ ਉਸ ਦੇ ਪ੍ਰਦਰਸ਼ਨ ਨਾਲ ਪਰਤੱਖ ਰੂਪ ਨਾਲ ਨਹੀਂ ਜੁੜਿਆ ਹੈ ਬਲਕਿ ਸਮੀਖਿਆ ਰਿਪੋਰਟ ਦੇਸ਼ ਨੂੰ ਗ੍ਰੇ ਸੂਚੀ ਤੋਂ ਕੱਢਣ 'ਚ ਪ੍ਰਭਾਵਿਤ ਕਰ ਸਕਦੀ ਹੈ।

ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਨੇ ਪਿਛਲੇ ਇਕ ਸਾਲ 'ਚ ਇਸ ਸਬੰਧ 'ਚ ਮਹੱਤਵਪੂਰਨ ਵਿਕਾਸ ਕੀਤਾ ਹੈ। ਪਰੰਤੂ ਅਮਰੀਕਾ, ਏਪੀਜੀ ਤੇ ਐੱਫ.ਏ.ਟੀ.ਐੱਫ. ਪਾਕਿਸਤਾਨ ਤੋਂ ਉਮੀਦ ਕਰਦੇ ਹਨ ਕਿ ਉਹ 13-18 ਅਕਤੂਬਰ ਤੋਂ ਪਹਿਲਾਂ ਮਨੀ ਲਾਂਡ੍ਰਿੰਗ ਤੇ ਟੈਰਰ ਫੰਡਿੰਗ 'ਤੇ ਆਪਣੀ ਸੰਸਦ 'ਚ ਕਾਨੂੰਨ ਬਣਾਏ।


author

Baljit Singh

Content Editor

Related News