ਹਾਫਿਜ਼ ਸਈਦ ਦੇ ਠਿਕਾਣਿਆਂ 'ਤੇ ਪਾਕਿ ਵੱਲੋਂ ਕਾਰਵਾਈ ਸ਼ੁਰੂ

02/14/2018 3:44:15 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਸਰਕਾਰ ਨੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਵੱਲੋਂ ਸੰਚਾਲਿਤ ਮਦਰਸਿਆਂ ਅਤੇ ਸਿਹਤ ਕੇਂਦਰਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀਤੇ ਮਹੀਨੇ ਹੀ ਇਕ ਉੱਚ ਪੱਧਰੀ ਸੰਯੁਕਤ ਰਾਸ਼ਟਰ ਦਲ ਨੇ ਉਨ੍ਹਾਂ ਲੋਕਾਂ ਅਤੇ ਸਮੂਹਾਂ ਵਿਰੁੱਧ ਕਾਰਵਾਈ ਦਾ ਜਾਇਜ਼ਾ ਲੈਣ ਲਈ ਪਾਕਿਸਤਾਨ ਦਾ ਦੌਰਾ ਕੀਤਾ ਸੀ, ਜਿਨ੍ਹਾਂ ਲੋਕਾਂ ਅਤੇ ਸਮੂਹਾਂ 'ਤੇ ਵਿਸ਼ਵ ਸੰਸਥਾ ਨੇ ਪਾਬੰਦੀ ਲਗਾਈ ਹੋਈ ਹੈ। ਪੰਜਾਬ ਸਰਕਾਰ ਦੇ ਆਦੇਸ਼ ਮਗਰੋਂ ਰਾਵਲਪਿੰਡੀ ਦੇ ਜ਼ਿਲਾ ਪ੍ਰਸ਼ਾਸਨ ਨੇ ਹਾਫਿਜ਼ ਸਈਦ ਨਾਲ ਸੰਬੰਧਿਤ ਜਮਾਤ-ਉਦ-ਦਾਅਵਾ (ਜੇ. ਯੂ. ਡੀ.) ਅਤੇ ਫਲਾਹ ਏ ਇਨਸਾਨੀਅਤ ਫਾਊਂਡੇਸ਼ਨ (ਐੱਫ. ਆਈ. ਐੱਫ.) ਵੱਲੋਂ ਸੰਚਾਲਿਤ ਇਕ ਮਦਰਸੇ ਅਤੇ ਚਾਰ ਡਿਸਪੈਂਸਰੀਆਂ ਦਾ ਕੰਟਰੋਲ ਲੈ ਲਿਆ। 
ਇਕ ਅੰਗਰੇਜੀ ਅਖਬਾਰ ਮੁਤਾਬਕ ਮਦਰਸੇ ਦੀ ਜ਼ਿੰਮੇਵਾਰੀ ਓਕਾਫ ਵਿਭਾਗ ਨੂੰ ਸੌਂਪ ਦਿੱਤੀ ਗਈ, ਜੋ ਧਾਰਮਿਕ ਸੰਪੱਤੀਆਂ ਨੂੰ ਕੰਟਰੋਲ ਕਰਦਾ ਹੈ। ਅਖਬਾਰ ਵਿਚ ਕਿਹਾ ਗਿਆ ਹੈ ਕਿ ਸੂਬਾਈ ਸਰਕਾਰ ਨੇ ਬੀਤੇ ਸ਼ੁੱਕਰਵਾਰ ਨੂੰ ਓਕਾਫ ਵਿਭਾਗ ਨੂੰ ਮਦਰਸਿਆਂ ਦਾ ਕੰਟਰੋਲ ਆਪਣੇ ਹੱਥ ਵਿਚ ਲੈਣ ਦਾ ਆਦੇਸ਼ ਦਿੱਤਾ ਸੀ। ਜ਼ਿਲਾ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਸੂਬਾਈ ਸਰਕਾਰ ਨੇ ਰਾਵਲਪਿੰਡੀ ਵਿਚ ਚਾਰ ਮਦਰਸਿਆਂ ਦੀ ਇਕ ਸੂਚੀ ਜ਼ਿਲਾ ਪ੍ਰਸ਼ਾਸਨ ਨੂੰ ਸੌਂਪੀ ਹੈ।'' ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਵੇਰਵਿਆਂ ਦੀ ਜਾਂਚ ਲਈ ਜ਼ਿਲਾ ਪ੍ਰਸ਼ਾਸਨ, ਪੁਲਸ ਅਤੇ ਓਕਾਫ ਵਿਭਾਗ ਦਾ ਇਕ ਸੰਯੁਕਤ ਦਲ ਗਠਿਤ ਕੀਤਾ ਹੈ। ਅਜਿਹੀ ਮੁਹਿੰਮ ਅਟਕ, ਚਕਵਾਲ ਅਤੇ ਜੇਹਲਮ ਜ਼ਿਲਿਆਂ ਵਿਚ ਵੀ ਚਲਾਈ ਜਾਵੇਗੀ। ਡਿਪਟੀ ਕਮਿਸ਼ਨਰ ਤਲਤ ਮਹਿਮੂਦ ਗੋਂਦਾਲ ਨੇ ਪੁਸ਼ਟੀ ਕੀਤੀ ਕਿ ਸਰਕਾਰ ਨੇ ਜੇ. ਯੂ. ਡੀ. ਵੱਲੋਂ ਸੰਚਾਲਿਤ ਇਕ ਮਦਰਸੇ ਦਾ ਅਤੇ ਐੱਫ. ਆਈ. ਐੱਫ. ਵਲੋਂ ਸੰਚਾਲਿਤ ਚਾਰ ਡਿਸਪੈਂਸਰੀਆਂ ਦਾ ਕੰਟਰੋਲ ਲੈ ਲਿਆ ਹੈ। 
ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਲੋਕਾਂ ਵਿਰੁੱਧ ਹਾਲ ਹੀ ਵਿਚ ਕਦਮ ਚੁੱਕੇ ਹਨ। ਇਹ ਕਦਮ ਪਾਕਿਸਤਾਨ ਨੇ ਅਜਿਹੇ ਸਮੇਂ ਚੁੱਕੇ ਹਨ, ਜਦੋਂ ਪੈਰਿਸ ਵਿਚ 18 ਤੋਂ 23 ਫਰਵਰੀ ਤੱਕ ''ਵਿੱਤੀ ਕਾਰਵਾਈ ਟਾਸਕ ਫੋਰਸ'' (ਐੱਫ. ਏ. ਟੀ. ਐੱਫ.) ਦੀ ਬੈਠਕ ਹੋਣ ਜਾ ਰਹੀ ਹੈ।


Related News