ਪਾਕਿਸਤਾਨ : ਭੜਕੀ ਭੀੜ ਨੇ ਈਸ਼ਨਿੰਦਾ ਦੇ ਦੋਸ਼ੀ ਨੂੰ ਮਾਰਨ ਲਈ ਥਾਣੇ ’ਤੇ ਕੀਤਾ ਹਮਲਾ
Tuesday, May 18, 2021 - 05:14 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ’ਚ ਈਸ਼ਨਿੰਦਾ ਕਾਨੂੰਨ ਤਹਿਤ ਸਜ਼ਾ ਦੇਣ ਦਾ ਸਿਲਸਿਲਾ ਜਾਰੀ ਹੈ। ਇਸੇ ਤਰ੍ਹਾਂ ਦੇ ਈਸ਼ਨਿੰਦਾ ਦੇ ਇਕ ਮਾਮਲੇ ’ਚ ਦੋਸ਼ੀ ਨੂੰ ਮਾਰਨ ਲਈ ਭੜਕੀ ਭੀੜ ਨੇ ਇਸਲਾਮਾਬਾਦ ਦੇ ਗੋਲਰਾ ਪੁਲਸ ਸਟੇਸ਼ਨ ’ਤੇ ਹਮਲੇ ਕੀਤਾ। ਇਸ ਦੌਰਾਨ ਥਾਣੇ ’ਚ ਜੰਮ ਕੇ ਭੰਨ-ਤੋੜ ਕੀਤੀ ਗਈ। ਭੀੜ ਇੰਨੀ ਵੱਡੀ ਗਿਣਤੀ ’ਚ ਸੀ ਕਿ ਪੁਲਸ ਤੇ ਦੋਸ਼ੀ ਨੂੰ ਇਸ ਸਮੇਂ ਬਚਾਉਣਾ ਮੁਸ਼ਕਿਲ ਹੋ ਗਿਆ। ਭੀੜ ’ਚ ਸ਼ਾਮਲ ਲੋਕਾਂ ਕੋਲ ਲੋਹੇ ਦੀਆਂ ਰਾਡਾਂ, ਡੰਡੇ ਤੇ ਹੋਰ ਵੀ ਤੇਜ਼ਧਾਰ ਹਥਿਆਰ ਸਨ। ਇਹ ਈਸ਼ਨਿੰਦਾ ਤਹਿਤ ਦੋਸ਼ੀ ਨੂੰ ਸਜ਼ਾ ਦੇਣਾ ਚਾਹੁੰਦੇ ਸਨ। ਭੀੜ ਦੇ ਹਮਲਾਵਰ ਹੋਣ ਤੋਂ ਬਾਅਦ ਵੱਡੀ ਗਿਣਤੀ ’ਚ ਪੁਲਸ ਕਰਮਚਾਰੀਆਂ ਨੂੰ ਬੁਲਾਉਣਾ ਪਿਆ ਤਾਂ ਜਾ ਕੇ ਪੁਲਸ ਕਰਮਚਾਰੀਆਂ ਤੇ ਦੋਸ਼ੀ ਵਿਅਕਤੀ ਦੀ ਜਾਨ ਬਚ ਸਕੀ।
ਇਸ ਘਟਨਾ ਨਾਲ ਪੂਰੇ ਇਲਾਕੇ ’ਚ ਦਹਿਸ਼ਤ ਤੇ ਤਣਾਅ ਦਾ ਮਾਹੌਲ ਬਣ ਗਿਆ ਹੈ। ਇਸ ਦੌਰਾਨ ਪੁਲਸ ਨੇ ਫਲੈਗ ਮਾਰਚ ਵੀ ਕੀਤਾ। ਈਸ਼ਨਿੰਦਾ ’ਚ ਗ੍ਰਿਫਤਾਰ ਵਿਅਕਤੀ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪੁਲਸ ਦੇ ਮੁਤਾਬਕ ਹਮਲਾ ਇਸਲਾਮਾਬਾਦ ਦੇ ਗੋਲਰਾ ਪੁਲਸ ਸਟੇਸ਼ਨ ’ਤੇ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਈਸ਼ਨਿੰਦਾ ਕਾਨੂੰਨ ’ਚ ਪਾਕਿਸਤਾਨ ਨੇ ਸਖਤ ਪ੍ਰਬੰਧ ਕੀਤੇ ਹੋਏ ਹਨ। ਇਸ ਅਪਰਾਧ ਦੇ ਦੋਸ਼ੀਆਂ ਨੂੰ ਭੀੜ ਵੱਲੋਂ ਮਾਰਨ ਦੀਆਂ ਘਟਨਾਵਾਂ ਪਾਕਿਸਤਾਨ ’ਚ ਵਾਪਰਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦੇ ਦੋਸ਼ੀਆਂ ਨੂੰ ਕੱਟੜਪੰਥੀ ਖੁਦ ਹੀ ਸਜ਼ਾ ਦੇਣ ’ਤੇ ਉਤਾਰੂ ਹੋ ਜਾਂਦੇ ਹਨ। ਇਸ ਕਾਨੂੰਨ ਨੂੰ ਘੱਟਗਿਣਤੀਆਂ ’ਤੇ ਹਥਿਆਰ ਵਾਂਗ ਵਰਤਿਆ ਜਾ ਰਿਹਾ ਹੈ।