ਸ਼ੇਖ ਰਸ਼ੀਦ ਨੇ ਪਾਕਿ-ਅਫਗਾਨ ਬਾਰਡਰ ''ਤੇ ਕੰਡਿਆਲੀ ਤਾਰ ਲਗਾਉਣ ਸੰਬੰਧੀ ਦਿੱਤੀ ਅਹਿਮ ਜਾਣਕਾਰੀ
Monday, Jun 21, 2021 - 12:54 PM (IST)
ਇਸਲਾਮਾਬਾਦ (ਬਿਊਰੋ): 2600 ਕਿਲੋਮੀਟਰ ਲੰਬੀ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਦੀ ਫੈਨਸਿੰਗ ਮਤਲਬ ਕੰਡਿਆਲੀ ਤਾਰ ਲਗਾਉਣ ਦਾ ਕੰਮ ਜੂਨ ਦੇ ਅਖੀਰ ਤੱਕ ਪੂਰਾ ਹੋ ਜਾਵੇਗਾ।ਇਹ ਜਾਣਕਾਰੀ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਦਿੱਤੀ। ਡਾਨ ਦੀ ਰਿਪੋਰਟ ਮੁਤਾਬਕ,''ਪਾਕਿਸਤਾਨ ਨੈਸ਼ਨਲ ਅਸੈਂਬਲੀ ਨੂੰ ਇਕ ਬਜਟ ਵਿਚਾਰ ਵਟਾਂਦਰੇ ਵਿਚ ਸੰਬੋਧਨ ਕਰਦਿਆਂ ਰਸ਼ੀਦ ਨੇ ਕਿਹਾ ਕਿ 88 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਦਾ ਕੰਮ 30 ਜੂਨ ਤੱਕ ਪੂਰਾ ਕਰ ਲਿਆ ਜਾਵੇਗਾ।''
ਅਫਗਾਨਿਸਤਾਨ ਤੋਂ ਵਿਦੇਸ਼ੀ ਸੈਨਿਕ ਹੱਟ ਰਹੇ ਹਨ। ਅਜਿਹੇ ਵਿਚ ਰਾਸ਼ਿਦ ਨੇ ਕਿਹਾ ਕਿ ਅਗਲੇ ਦੋ ਤੋਂ ਤਿੰਨ ਮਹੀਨੇ ਪਾਕਿਸਤਾਨ ਲਈ ਵੀ ਬਹੁਤ ਮਹੱਤਵਪੂਰਨ ਹੋਣਗੇ। ਰਾਸ਼ਿਦ ਨੇ ਕਿਹਾ ਕਿ ਫਿਲਹਾਲ ਅਫਗਾਨਿਸਤਾਨ ਵਿਚ ਕਰੀਬ 38 ਥਾਵਾਂ 'ਤੇ ਸੰਘਰਸ਼ ਚੱਲ ਰਿਹਾ ਹੈ। ਉਹਨਾਂ ਨੇ ਦੱਸਿਆ ਕਿ 2400 ਅਫਗਾਨ ਕਰਮੀ ਤਾਲਿਬਾਨ ਵਿਚ ਸ਼ਾਮਲ ਹੋ ਗਏ ਹਨ। ਅਫਗਾਨ ਸਥਿਤ ਪਾਕਿਸਤਾਨੀ ਅੱਤਵਾਦੀ ਸਮੂਹਾਂ ਦੇ ਜਾਨਲੇਵਾ ਹਮਲਿਆਂ ਦੇ ਬਾਅਦ ਇਸਲਾਮਾਬਾਦ ਨੇ ਮਾਰਚ 2017 ਵਿਚ ਅਫਗਾਨਿਸਤਾਨ ਨਾਲ ਆਪਣੀ ਸਰਹੱਦ 'ਤੇ ਕੰਡਿਆਲੀ ਤਾਰ ਲਗਾਉਣੀ ਸ਼ੁਰੂ ਕਰ ਦਿੱਤੀ ਸੀ।
ਪੜ੍ਹੋ ਇਹ ਅਹਿਮ ਖਬਰ - ਸਿਰਫ ਸਾਢੇ 4 ਮਹੀਨੇ 'ਚ ਪੈਦਾ ਹੋਏ ਮਾਸੂਮ ਨੇ ਜਿੱਤੀ ਜ਼ਿੰਦਗੀ ਦੀ ਜੰਗ, ਬਣਿਆ ਵਰਲਡ ਰਿਕਾਰਡ
ਇਹ ਦੋਹਰੀ ਵਾੜ ਪਾਕਿਸਤਾਨ ਵੱਲੋਂ 3.6 ਮੀਟਰ (11 ਫੁੱਟ) ਅਤੇ ਅਫਗਾਨਿਸਤਾਨ ਵੱਲੋਂ 4 ਮੀਟਰ (13 ਫੁੱਟ) ਉੱਚੀ ਹੈ। ਨਿਗਰਾਨੀ ਲਈ ਸੈਂਕੜੇ ਕੈਮਰੇ ਅਤੇ ਇਨਫ੍ਰਾਰੇਡ ਡਿਟੈਕਟਰਸ ਲਗਾਏ ਗਏ ਹਨ। ਨਾਲ ਹੀ ਸਰਹੱਦ 'ਤੇ ਸੁਰੱਖਿਆ ਵਧਾਉਣ ਲਈ ਕਰੀਬ 1000 ਕਿਲਿਆਂ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ। ਪ੍ਰਾਜੈਕਟ ਦੇ ਪੂਰਾ ਹੋਣ ਮਗਰੋਂ ਸਿਰਫ 16 ਕ੍ਰਾਸਿੰਗ ਪੁਆਇੰਟ ਦੇ ਮਾਧਿਅਮ ਤੋਂ ਆਉਣ-ਜਾਣ ਦੀ ਇਜਾਜ਼ਤ ਹੋਵੇਗੀ। ਇਸ ਦੀ ਕੁੱਲ ਲਾਗਤ 500 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੋਣ ਦੀ ਆਸ ਹੈ।