ਪਾਕਿ : ਹਸਪਤਾਲ 'ਚ ਆਕਸੀਜਨ ਖ਼ਤਮ ਹੋਣ ਕਾਰਨ ਬੱਚੇ ਸਣੇ 7 ਕੋਰੋਨਾ ਪੀੜਤਾਂ ਦੀ ਮੌਤ
Monday, Dec 07, 2020 - 12:44 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਵੀ ਇਕ ਵਾਰ ਫਿਰ ਤੋਂ ਕੋਰੋਨਾਵਾਇਰਸ ਦੇ ਮਾਮਲੇ ਵੱਧਣੇ ਸ਼ੁਰੂ ਹੋ ਗਏ ਹਨ। ਵਿਸ਼ਵ ਸਿਹਤ ਸੰਗਠਨ ਨੇ ਇਸ ਪ੍ਰਤੀ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਇਸ ਦੌਰਾਨ ਪੇਸ਼ਾਵਰ ਸਥਿਤ ਇਕ ਹਸਪਤਾਲ ਵਿਚ ਆਕਸੀਜਨ ਨਾ ਮਿਲਣ ਕਾਰਨ ਸ਼ਨੀਵਾਰ ਨੂੰ 7 ਪੀੜਤਾਂ ਦੀ ਮੌਤ ਹੋ ਗਈ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਹੁਣ ਤੱਕ 4 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 8 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਇਸ ਹਸਪਤਾਲ ਵਿਚ ਆਕਸੀਜਨ ਦੇ ਸਿਲੰਡਰ 180 ਕਿਲੋਮੀਟਰ ਦੂਰ ਰਾਵਲਪਿੰਡੀ ਤੋਂ ਆਉਂਦੇ ਹਨ। ਡਾਨ ਦੀ ਇਕ ਰਿਪੋਰਟ ਦੇ ਮੁਤਾਬਕ, ਇਹ ਘਟਨਾ ਖੈਬਰ ਟੀਚਿੰਗ ਹਸਪਤਾਲ ਦੀ ਹੈ ਜਿੱਥੇ ਸ਼ਨੀਵਾਰ ਦੇਰ ਸ਼ਾਮ ਆਕਸੀਜਨ ਹੀ ਖਤਮ ਹੋ ਗਈ ਅਤੇ ਆਈ.ਸੀ.ਯੂ. ਵਿਚ ਭਰਤੀ ਕੋਰੋਨਾ ਮਰੀਜ਼ਾਂ ਨੂੰ ਜਾਨ ਗਵਾਉਣੀ ਪਈ।ਹਸਪਤਾਲ ਦੇ ਬੁਲਾਰੇ ਫਰਹਦ ਖਾਨ ਨੇ ਐਤਵਾਰ ਨੂੰ ਦੱਸਿਆ ਕਿ ਮਾਰੇ ਗਏ 7 ਮਰੀਜ਼ ਆਈ.ਸੀ.ਯੂ. ਵਿਚ ਭਰਤੀ ਸਨ ਅਤੇ ਰਾਵਲਪਿੰਡੀ ਤੋਂ ਆਕਸੀਜਨ ਦੀ ਸਪਲਾਈ ਵਿਚ ਵਿਘਨ ਪਿਆ ਸੀ।
ਪੜ੍ਹੋ ਇਹ ਅਹਿਮ ਖਬਰ- ਕਿਸਾਨਾ ਦੇ ਹੱਕ ‘ਚ ਉਤਰੇ ਕੈਨਬਰਾ ਦੇ ਪੰਜਾਬੀ (ਤਸਵੀਰਾਂ)
ਉਹਨਾਂ ਨੇ ਦੱਸਿਆ ਕਿ ਆਕਸੀਜਨ ਆਉਣ ਵਿਚ ਦੇਰੀ ਹੋ ਗਈ ਅਤੇ ਸਾਡੇ ਲਈ ਮਰੀਜ਼ਾਂ ਨੂੰ ਬਚਾਉਣਾ ਅਸੰਭਵ ਹੋ ਗਿਆ ਸੀ। ਮਰਨ ਵਾਲੇ ਲੋਕਾਂ ਵਿਚ ਇਕ 2 ਸਾਲ ਦਾ ਬੱਚਾ ਵੀ ਸ਼ਾਮਲ ਹੈ। ਸਰੀਮ ਨਾਮ ਦੇ ਇਸ ਬੱਚੇ ਦੇ ਪਿਤਾ ਨੇ ਦੱਸਿਆ ਕਿ ਰਾਤ ਢਾਈ ਵਜੇ ਅਚਾਨਕ ਪਤਾ ਚੱਲਿਆ ਕਿ ਹਸਪਤਾਲ ਵਿਚ ਆਕਸੀਜਨ ਹੀ ਨਹੀਂ ਹੈ ਅਤੇ ਇਸ ਦੀ ਕਮੀ ਕਾਰਨ ਸਾਡੇ ਬੱਚੇ ਦੀ ਮੌਤ ਹੋ ਗਈ।
ਨੋਟ- ਪਾਕਿਸਤਾਨ ਵਿਚ ਬੱਚੇ ਸਣੇ 7 ਕੋਰੋਨਾ ਪੀੜਤਾਂ ਦੀ ਮੌਤ ਸੰਬੰਧੀ ਖ਼ਬਰ 'ਤੇ ਦੱਸੋ ਆਪਣੀ ਰਾਏ।