2 ਹਿੰਦੂ ਭੈਣਾਂ ਦੇ ਜ਼ਬਰੀ ਧਰਮ ਪਰਿਵਰਤਨ ਮਾਮਲੇ 'ਚ ਨਵਾਂ ਖੁਲਾਸਾ
Saturday, Mar 30, 2019 - 11:59 AM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਸਿੰਧ ਸੂਬੇ ਵਿਚ ਦੋ ਨਾਬਾਲਗ ਹਿੰਦੂ ਭੈਣਾਂ ਨੂੰ ਅਗਵਾ ਕਰਨ ਅਤੇ ਜ਼ਬਰੀ ਧਰਮ ਪਰਿਵਰਤਨ ਕਰਾਉਣ ਦੇ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਸ਼ੁੱਕਰਵਾਰ ਨੂੰ ਸਿੰਧ ਪੁਲਸ ਨੇ ਦੱਸਿਆ ਕਿ ਹੋਲੀ ਦੇ ਦਿਨ ਜਿਹੜੇ ਦੋ ਲੋਕਾਂ ਨੇ ਕਥਿਤ ਤੌਰ 'ਤੇ 2 ਨਾਬਾਲਗ ਹਿੰਦੂ ਕੁੜੀਆਂ 12 ਸਾਲਾ ਰਵੀਨਾ ਅਤੇ 15 ਸਾਲਾ ਰੀਨਾ ਨੂੰ ਅਗਵਾ ਕਰ ਕੇ ਜ਼ਬਰੀ ਧਰਮ ਪਰਿਵਰਤਨ ਕਰਾਇਆ ਅਤੇ ਉਨ੍ਹਾਂ ਨਾਲ ਵਿਆਹ ਕੀਤਾ ਉਹ ਪਹਿਲਾਂ ਤੋਂ ਹੀ ਵਿਆਹੇ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਹਨ।
ਜੀਓ ਨਿਊਜ਼ ਨੇ ਦਹਾਰੀ ਪੁਲਸ ਸਟੇਸ਼ਨ ਦੇ ਐੱਸ.ਐੱਚ.ਓ. ਤੁਫੈਲ ਭੁੱਟੋ ਦੇ ਹਵਾਲੇ ਨਾਲ ਦੱਸਿਆ ਹੈ ਕਿ ਦੋਵੇਂ ਦੋਸ਼ੀ ਸਫਦਰ ਖੋਬਰ ਅਤੇ ਬਰਕਤ ਮਲਿਕ ਦੀਆਂ ਪਤਨੀਆਂ ਅਤੇ ਬੱਚਿਆਂ ਨੇ ਉਨ੍ਹਾਂ ਦੇ ਦੂਜੇ ਵਿਆਹ ਦੀ ਜਾਣਕਾਰੀ ਮਿਲਣ ਦੇ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਹੈ। ਪੁਲਸ ਅਫਸਰ ਨੇ ਦੱਸਿਆ ਕਿ ਖੋਬਰ ਦੀ 3 ਬੇਟੀਆਂ ਤੇ ਇਕ ਬੇਟਾ ਹੈ ਜਦਕਿ ਮਲਿਕ 3 ਬੱਚੀਆਂ ਦਾ ਪਿਤਾ ਹੈ। ਇੱਥੇ ਦੱਸ ਦਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹੋਏ ਹਨ।