ਪਾਕਿਸਤਾਨ: ਪੰਜਾਬ ਪੁਲਸ ਨੇ PTI ਆਗੂਆਂ ਦੇ ਘਰਾਂ ਤੇ ਦਫਤਰਾਂ ''ਤੇ ਕੀਤੀ ਛਾਪੇਮਾਰੀ, 12 ਵਰਕਰ ਗ੍ਰਿਫ਼ਤਾਰ
Monday, Feb 24, 2025 - 05:38 PM (IST)

ਲਾਹੌਰ (ਏਜੰਸੀ)- ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪੁਲਸ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਨੇਤਾਵਾਂ ਦੇ ਦਫਤਰਾਂ ਅਤੇ ਰਿਹਾਇਸ਼ਾਂ 'ਤੇ ਛਾਪੇਮਾਰੀ ਕਰਕੇ ਉਸਦੇ 12 ਤੋਂ ਵੱਧ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਪਾਰਟੀ ਵੱਲੋਂ ਰਾਜਨੀਤਿਕ ਗਤੀਵਿਧੀਆਂ ਮੁੜ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਕੀਤੀ ਗਈ। ਇਹ ਜਾਣਕਾਰੀ ਸੋਮਵਾਰ ਨੂੰ ਮਿਲੀ। ਪੰਜਾਬ ਦੇ ਸੀਨੀਅਰ ਪੀ.ਟੀ.ਆਈ. ਆਗੂ ਸ਼ੌਕਤ ਬਸਰਾ ਨੇ ਕਿਹਾ ਕਿ ਪੰਜਾਬ ਪੁਲਸ ਨੇ 12 ਤੋਂ ਵੱਧ ਪੀ.ਟੀ.ਆਈ. ਵਰਕਰਾਂ ਨੂੰ ਉਦੋਂ ਹਿਰਾਸਤ ਵਿੱਚ ਲੈ ਲਿਆ, ਜਦੋਂ ਉਹ ਰਾਵਲਪਿੰਡੀ ਅਤੇ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਵਰਕਰ ਕਾਨਫਰੰਸਾਂ ਕਰਨ ਦੇ ਪ੍ਰਬੰਧਾਂ ਵਿੱਚ ਰੁੱਝੇ ਹੋਏ ਸਨ।
ਬਸਰਾ ਨੇ ਕਿਹਾ, “ਪੀ.ਟੀ.ਆਈ. ਸੰਸਦ ਮੈਂਬਰਾਂ ਦੇ ਘਰਾਂ ਦੀ ਪਵਿੱਤਰਤਾ ਦੀ ਉਲੰਘਣਾਂ ਉਨ੍ਹਾਂ ਲੋਕਾਂ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਨੇ ਉਨ੍ਹਾਂ 'ਤੇ ਧਾਵਾ ਬੋਲਿਆ ਅਤੇ ਭੰਨਤੋੜ ਕੀਤੀ। ਫਾਸੀਵਾਦੀ ਸ਼ਾਸਨ ਦੇ ਅਧਿਕਾਰੀ ਆਪਣੀਆਂ ਕਾਰਵਾਈਆਂ ਨੂੰ ਇਹ ਕਹਿ ਕੇ ਜਾਇਜ਼ ਠਹਿਰਾਉਂਦੇ ਹਨ ਕਿ ਉਹ ਫੌਜ ਦੇ ਹੁਕਮਾਂ 'ਤੇ ਅਜਿਹਾ ਕਰ ਰਹੇ ਹਨ।'' ਬਸਰਾ ਨੇ ਕਿਹਾ ਕਿ ਮੁਰੀ ਜ਼ਿਲ੍ਹਾ ਜਨਰਲ ਸਕੱਤਰ ਸਫਦਰ ਜ਼ਮਾਨ ਸੱਤੀ ਸਮੇਤ 12 ਤੋਂ ਵੱਧ ਪੀ.ਟੀ.ਆਈ. ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਸਰਾ ਅਤੇ ਪੰਜਾਬ ਵਿੱਚ ਪੀ.ਟੀ.ਆਈ. ਦੀ ਮੁੱਖ ਪ੍ਰਬੰਧਕ ਆਲੀਆ ਹਮਜ਼ਾ ਨੇ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਪੁਲਸ ਦੀ ਮਨਮਰਜ਼ੀ ਸਾਫ਼ ਦਿਖਾਈ ਦੇ ਰਹੀ ਹੈ।
ਹਮਜ਼ਾ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ ਆਰਥਿਕ ਵਿਕਾਸ ਦੇ ਆਪਣੇ ਜਾਅਲੀ ਅਤੇ ਝੂਠੇ ਅੰਕੜਿਆਂ ਦਾ ਪ੍ਰਚਾਰ ਕਰਨ ਲਈ ਵੱਡੇ ਪੱਧਰ 'ਤੇ ਇਸ਼ਤਿਹਾਰ ਮੁਹਿੰਮਾਂ ਚਲਾਉਣ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਫੌਜ-ਸਮਰਥਿਤ "ਫਤਵਾ ਚੋਰਾਂ" ਨੇ ਲੋਕਾਂ 'ਤੇ ਦਹਿਸ਼ਤ ਦਾ ਰਾਜ ਕਾਇਮ ਕਰ ਦਿੱਤਾ ਹੈ। ਪੀ.ਟੀ.ਆਈ. ਦੇ ਬੁਲਾਰੇ ਸ਼ੇਖ ਵਕਾਸ ਅਕਰਮ ਨੇ ਕਿਹਾ, "ਕੱਠਪੁਤਲੀ ਸ਼ਾਸਨ ਨੇ ਯੋਜਨਾਬੱਧ ਢੰਗ ਨਾਲ ਕਾਨੂੰਨ ਦੇ ਸ਼ਾਸਨ ਨੂੰ ਲਤਾੜਿਆ ਹੈ, ਸੰਵਿਧਾਨਕ ਸਰਵਉੱਚਤਾ ਨੂੰ ਖਤਮ ਕਰ ਦਿੱਤਾ ਹੈ, ਨਿਆਂਪਾਲਿਕਾ ਨੂੰ ਅਪਾਹਜ ਕਰ ਦਿੱਤਾ ਹੈ, ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ ਅਤੇ ਸੱਤਾ 'ਤੇ ਆਪਣੀ ਤਾਨਾਸ਼ਾਹੀ ਪਕੜ ਨੂੰ ਯਕੀਨੀ ਬਣਾਉਣ ਲਈ ਦਹਿਸ਼ਤ ਦਾ ਰਾਜ ਕਾਇਮ ਕੀਤਾ ਹੈ।"