ਭਾਰਤੀ ਫੌਜ ਨੇ ਖੋਲ੍ਹੀ ਤੁਰਕੀ-ਪਾਕਿਸਤਾਨ ਦੀ ਪੋਲ ! ਦਿਖਾਇਆ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਡੇਗਿਆ ‘ਯਿਹਾ’ ਡਰੋਨ
Tuesday, Dec 16, 2025 - 09:47 AM (IST)
ਨਵੀਂ ਦਿੱਲੀ- ਭਾਰਤੀ ਫੌਜ ਨੇ ਸੋਮਵਾਰ ਨੂੰ ਤੁਰਕੀ ਦੇ ‘ਯਿਹਾ’ ਨਾਮੀ ਹਥਿਆਰਬੰਦ ਡਰੋਨ ਦੇ ਪੁਨਰ-ਨਿਰਮਾਣ ਮਾਡਲ ਨੂੰ ਪ੍ਰਦਰਸ਼ਿਤ ਕਰ ਕੇ ਪਾਕਿਸਤਾਨ ਅਤੇ ਤੁਰਕੀ ਦੋਵਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇਸ ਨੂੰ ਭਾਰਤ ਨੇ 10 ਮਈ ਨੂੰ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਡੇਗਿਆ ਸੀ। ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਵੱਲੋਂ ਵਿਜੇ ਦਿਵਸ ’ਤੇ ਆਯੋਜਿਤ ਇਕ ਸਮਾਗਮ ਵਿਚ ਬਹੁ-ਭੂਮਿਕਾ ਵਾਲੇ ਇਸ ਕਾਮਿਕੇਜ ਸ਼੍ਰੇਣੀ ਦੇ ਡਰੋਨ ਦਾ ਪ੍ਰਦਰਸ਼ਨ ਕੀਤਾ ਗਿਆ।
ਭਾਰਤ ਤੇ ਪਾਕਿਸਤਾਨ ਵਿਚਕਾਰ 7 ਤੋਂ 10 ਮਈ ਤੱਕ ਚੱਲੇ ਸੰਘਰਸ਼ ਦੌਰਾਨ ਗੁਆਂਢੀ ਮੁਲਕ ਨੇ ਵੱਡੀ ਗਿਣਤੀ ਵਿਚ ‘ਯਿਹਾ’ ਨਾਮੀ ਸਿੰਗਲ-ਯੂਜ਼ ਵਾਲੇ ਮਨੁੱਖ ਰਹਿਤ ਲੜਾਕੂ ਹਵਾਈ ਵਾਹਨਾਂ (ਯੂ. ਸੀ. ਏ. ਵੀ.) ਦੀ ਵਰਤੋਂ ਵੱਖ-ਵੱਖ ਭਾਰਤੀ ਫੌਜ ਅਤੇ ਨਾਗਰਿਕ ਸੰਸਥਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਸੀ। ਭਾਰਤੀ ਫੌਜ ਨੇ ਹਾਲਾਂਕਿ ਲਗਭਗ ਸਾਰੇ ਡਰੋਨਾਂ ਨੂੰ ਡੇਗ ਦਿੱਤਾ। ਫੌਜੀ ਅਧਿਕਾਰੀਆਂ ਦੇ ਅਨੁਸਾਰ, ਪ੍ਰੋਗਰਾਮ ਵਿਚ ਪ੍ਰਦਰਸ਼ਿਤ ਡਰੋਨ 10 ਮਈ ਨੂੰ 2,000 ਮੀਟਰ ਦੀ ਉਚਾਈ ’ਤੇ ਉੱਡ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਲਾਹੌਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲਾਂਚ ਕੀਤਾ ਗਿਆ ਸੀ ਅਤੇ ਇਸ ਦਾ ਨਿਸ਼ਾਨਾ ਜਲੰਧਰ ਸੀ।
ਉਨ੍ਹਾਂ ਕਿਹਾ ਕਿ 10 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ਵਾਲੇ ਡਰੋਨ ਨੂੰ ਭਾਰਤੀ ਫੌਜ ਦੇ ਹਵਾਈ ਰੱਖਿਆ ਪ੍ਰਣਾਲੀ (ਏ.ਏ.ਡੀ.) ਨੇ ਡੇਗ ਦਿੱਤਾ। ਰਿਮੋਟ-ਨਿਯੰਤਰਿਤ ਇਹ ਡਰੋਨ ਟੀਚੇ ਨਾਲ ਟਕਰਾਉਂਦਿਆਂ ਹੀ ਫਟ ਜਾਂਦਾ ਹੈ। ਇਸ ਡਰੋਨ ਦੇ ਖੰਭ 2 ਮੀਟਰ ਲੰਬੇ ਹਨ। ਇਸ ਯੂ.ਸੀ.ਏ.ਵੀ. ਨੂੰ 170 ਸੀ.ਸੀ. ਹਾਰਸਪਾਵਰ ਵਾਲੇ ‘ਟੂ-ਸਟ੍ਰੋਕ’ ਇੰਜਣ ਰਾਹੀਂ ਸੰਚਾਲਿਤ ਕੀਤਾ ਜਾਂਦਾ ਹੈ।
ਭਾਰਤੀ ਫੌਜ ਨੇ ਆਪਣੇ ਡਰੋਨ-ਰੋਕੂ ਤੰਤਰ ਦੀ ਵਰਤੋਂ ਕਰਦੇ ਹੋਏ ਵੱਡੀ ਗਿਣਤੀ ਵਿਚ ਕਾਮਿਕੇਜ ਡਰੋਨ ਨੂੰ ਨਸ਼ਟ ਕਰ ਦਿੱਤਾ ਸੀ। ਕਾਮਿਕੇਜ ਸ਼੍ਰੇਣੀ ਦੇ ਡਰੋਨ ਨੂੰ ‘ਆਤਮਘਾਤੀ ਡਰੋਨ’ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਹਥਿਆਰ ਯੁਕਤ ਪ੍ਰਣਾਲੀਆਂ ਹਨ ਜੋ ਕਿਸੇ ਨਿਸ਼ਾਨਾ ਖੇਤਰ ’ਤੇ ਘੁੰਮ ਸਕਦੀਆਂ ਹਨ, ਹਮਲਾ ਕਰਨ ਤੋਂ ਪਹਿਲਾਂ ਇਕ ਢੁਕਵੇਂ ਨਿਸ਼ਾਨੇ ਦੀ ਭਾਲ ਕਰਦੀਆਂ ਹਨ।
