ਖੈਬਰ ਪਖਤੂਨਖਵਾ ''ਚ TTP ਦਾ ਪੁਲਸ ਚੌਕੀ ''ਤੇ ਹਮਲਾ, 5 ਪੁਲਸ ਮੁਲਾਜ਼ਮ ਜ਼ਖਮੀ
Friday, Dec 12, 2025 - 04:10 PM (IST)
ਪੇਸ਼ਾਵਰ (ਭਾਸ਼ਾ) : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਅੱਤਵਾਦੀਆਂ ਨੇ ਇੱਕ ਪੁਲਸ ਚੌਕੀ 'ਤੇ ਹਮਲਾ ਕੀਤਾ, ਜਿਸ 'ਚ ਘੱਟੋ-ਘੱਟ ਪੰਜ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਵੀਰਵਾਰ ਰਾਤ ਨੂੰ ਬਨੂੰ ਜ਼ਿਲ੍ਹੇ ਦੇ ਹਾਵੈਦ ਪੁਲਿਸ ਖੇਤਰ ਵਿੱਚ ਸਥਿਤ ਸ਼ੇਖ ਲੈਂਡਕ ਪੁਲਸ ਚੌਕੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਹਮਲਾ ਕਰਨ ਵਾਲੇ ਅੱਤਵਾਦੀਆਂ ਲਈ 'ਫਿਤਨਾ ਅਲ ਖਵਾਰਿਜ' ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਸਰਕਾਰ ਦੁਆਰਾ ਪਾਬੰਦੀਸ਼ੁਦਾ ਟੀਟੀਪੀ ਨਾਲ ਜੁੜੇ ਹੋਏ ਹਨ। ਪੁਲਸ ਨੇ ਬਿਆਨ 'ਚ ਕਿਹਾ ਕਿ ਪੁਲਸ ਮੁਲਾਜ਼ਮ ਨੇ ਬਹਾਦਰੀ ਦਿਖਾਉਂਦੇ ਹੋਏ ਤੁਰੰਤ ਕਾਰਵਾਈ ਕੀਤੀ ਅਤੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ। ਹਮਲਾਵਰਾਂ ਤੇ ਪੁਲਸ ਦਰਮਿਆਨ ਤਿੰਨ ਘੰਟੇ ਤੱਕ ਗੋਲੀਬਾਰੀ ਜਾਰੀ ਰਹੀ। ਪੁਲਸ ਦੇ ਅਨੁਸਾਰ, ਇਸ ਦੌਰਾਨ ਕਈ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਅਤੇ ਕਈ ਹੋਰ ਜ਼ਖਮੀ ਹੋਏ। ਹਮਲੇ ਦੌਰਾਨ ਜ਼ਖਮੀ ਹੋਏ ਪੰਜ ਪੁਲਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਬਨੂੰ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਸੱਜਾਦ ਖਾਨ ਦੇ ਨਿਰਦੇਸ਼ਾਂ 'ਤੇ ਵਾਧੂ ਸੁਰੱਖਿਆ ਬਲ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚੇ ਤੇ ਇਲਾਕੇ ਨੂੰ ਘੇਰ ਲਿਆ। ਜ਼ਿਕਰਯੋਗ ਹੈ ਕਿ ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਇਲਾਕੇ 'ਚ ਪਹਿਲਾਂ ਹੀ ਤਣਾਅ ਬਣਿਆ ਹੋਇਆ ਹੈ। ਵੀਰਵਾਰ ਨੂੰ ਹੀ ਫੁੱਟਬਾਲ ਮੈਚ ਦੌਰਾਨ ਅੱਤਵਾਦੀਆਂ ਵੱਲੋਂ ਕੀਤੇ ਗਏ 'ਕਵਾਡਕਾਪਟਰ' ਹਮਲੇ 'ਚ ਨਾਬਾਲਗਾਂ ਸਮੇਤ ਘੱਟੋ-ਘੱਟ ਸੱਤ ਲੋਕ ਜ਼ਖਮੀ ਹੋ ਗਏ ਸਨ।
