ਪਾਕਿਸਤਾਨ ਨੇ ਭਾਰਤੀ ਉਡਾਣਾਂ ਲਈ ਹਵਾਈ ਖੇਤਰ ਪਾਬੰਦੀ 23 ਜਨਵਰੀ ਤੱਕ ਵਧਾਈ
Wednesday, Dec 17, 2025 - 04:53 PM (IST)
ਇਸਲਾਮਾਬਾਦ/ਲਾਹੌਰ (ਭਾਸ਼ਾ) : ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ 'ਤੇ ਲਗਾਈ ਗਈ ਪਾਬੰਦੀ ਨੂੰ ਇੱਕ ਹੋਰ ਮਹੀਨੇ ਲਈ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਪਾਬੰਦੀ ਹੁਣ 23 ਜਨਵਰੀ ਤੱਕ ਲਾਗੂ ਰਹੇਗੀ। ਪਾਕਿਸਤਾਨ ਹਵਾਈ ਅੱਡਾ ਅਥਾਰਟੀ (ਪੀਏਏ) ਨੇ ਬੁੱਧਵਾਰ ਨੂੰ ਇਸ ਪਾਬੰਦੀ ਨੂੰ 23 ਜਨਵਰੀ ਤੱਕ ਵਧਾਉਣ ਦਾ ਐਲਾਨ ਕੀਤਾ। ਪਿਛਲੀ ਪਾਬੰਦੀ 24 ਦਸੰਬਰ ਨੂੰ ਖਤਮ ਹੋਣ ਵਾਲੀ ਸੀ।
ਇਹ ਪਾਬੰਦੀ ਮੂਲ ਰੂਪ 'ਚ ਪਹਿਲਗਾਮ ਹਮਲੇ ਤੋਂ ਬਾਅਦ ਅਪ੍ਰੈਲ 'ਚ ਲਗਾਈ ਗਈ ਸੀ। ਭਾਰਤ ਨੇ ਵੀ ਪਾਕਿਸਤਾਨ 'ਤੇ ਇਸੇ ਤਰ੍ਹਾਂ ਦੀ ਪਾਬੰਦੀ ਲਗਾਈ ਹੋਈ ਹੈ। ਪੀਏਏ ਨੇ ਸਪੱਸ਼ਟ ਕੀਤਾ ਕਿ "ਪਾਕਿਸਤਾਨ ਦਾ ਹਵਾਈ ਖੇਤਰ ਭਾਰਤੀ ਰਜਿਸਟਰਡ ਜਹਾਜ਼ਾਂ ਲਈ ਬੰਦ ਰਹੇਗਾ"। ਇਸ ਵਿੱਚ ਭਾਰਤੀ ਜਹਾਜ਼ ਕੰਪਨੀਆਂ ਦੀ ਮਾਲਕੀ ਵਾਲੇ, ਉਨ੍ਹਾਂ ਦੁਆਰਾ ਸੰਚਾਲਿਤ ਜਾਂ ਉਨ੍ਹਾਂ ਦੁਆਰਾ ਲੀਜ਼ 'ਤੇ ਲਏ ਗਏ ਸਾਰੇ ਜਹਾਜ਼ ਸ਼ਾਮਲ ਹਨ ਅਤੇ ਨਾਲ ਹੀ ਭਾਰਤੀ ਫੌਜੀ ਉਡਾਣਾਂ ਵੀ ਸ਼ਾਮਲ ਹਨ। 'ਨੋਟਿਸ ਟੂ ਏਅਰਮੈਨ' (ਨੋਟੇਮ) ਅਨੁਸਾਰ, ਪਹਿਲਾਂ ਤੋਂ ਲਾਗੂ ਇਹ ਪਾਬੰਦੀ 23 ਜਨਵਰੀ, 2026 ਤੱਕ ਜਾਰੀ ਰਹੇਗੀ। ਇੱਕ 2022 ਦੇ ਦਸਤਾਵੇਜ਼ ਅਨੁਸਾਰ, ਪਾਕਿਸਤਾਨ ਦਾ ਹਵਾਈ ਖੇਤਰ ਦੋ ਉਡਾਣ ਸੂਚਨਾ ਖੇਤਰਾਂ (ਐੱਫਆਈਆਰ) ਕਰਾਚੀ ਅਤੇ ਲਾਹੌਰ ਵਿੱਚ ਵੰਡਿਆ ਹੋਇਆ ਹੈ।
