ਪਾਕਿਸਤਾਨੀ ਪੰਜਾਬ ''ਚ ਸਿਹਤ ਸਹੂਲਤਾਂ ਦਾ ਨਿਕਲਿਆ ਜਨਾਜ਼ਾ ! 431 ਵੈਂਟੀਲੇਟਰ ਪਏ ਖਰਾਬ

Sunday, Feb 01, 2026 - 04:02 PM (IST)

ਪਾਕਿਸਤਾਨੀ ਪੰਜਾਬ ''ਚ ਸਿਹਤ ਸਹੂਲਤਾਂ ਦਾ ਨਿਕਲਿਆ ਜਨਾਜ਼ਾ ! 431 ਵੈਂਟੀਲੇਟਰ ਪਏ ਖਰਾਬ

ਲਾਹੌਰ (ਏਜੰਸੀ) : ਗੁਆਂਢੀ ਦੇਸ਼ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਿਹਤ ਪ੍ਰਬੰਧਾਂ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆ ਰਹੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਆਈ.ਸੀ.ਯੂ. (ICU) ਦੇ 431 ਵੈਂਟੀਲੇਟਰ ਖਰਾਬ ਹੋਣ ਕਾਰਨ ਗੰਭੀਰ ਮਰੀਜ਼ਾਂ ਦੀ ਜ਼ਿੰਦਗੀ ਦਾਅ 'ਤੇ ਲੱਗੀ ਹੋਈ ਹੈ। 

WHO ਦੇ ਮਾਪਦੰਡਾਂ ਤੋਂ ਬਹੁਤ ਪਿੱਛੇ

ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ ਹਸਪਤਾਲ ਦੇ ਕੁੱਲ ਬੈੱਡਾਂ ਦਾ ਘੱਟੋ-ਘੱਟ 10 ਫੀਸਦੀ ਵੈਂਟੀਲੇਟਰ ਸਪੋਰਟ ਹੋਣਾ ਚਾਹੀਦਾ ਹੈ। ਇਸ ਹਿਸਾਬ ਨਾਲ ਪੰਜਾਬ ਨੂੰ 3,406 ਵੈਂਟੀਲੇਟਰਾਂ ਦੀ ਲੋੜ ਹੈ, ਪਰ ਇਸ ਵੇਲੇ ਸਿਰਫ 1,709 ਹੀ ਚੱਲ ਰਹੇ ਹਨ। ਲਗਭਗ 1,600 ਵੈਂਟੀਲੇਟਰਾਂ ਦੀ ਵੱਡੀ ਘਾਟ ਹੈ।

ਖਰਾਬ ਵੈਂਟੀਲੇਟਰਾਂ ਦਾ ਸੱਚ

431 ਖਰਾਬ ਵੈਂਟੀਲੇਟਰਾਂ ਵਿਚੋਂ 191 ਅਜੇ ਵੀ ਮੁਰੰਮਤ ਦੀ ਉਡੀਕ ਵਿੱਚ ਹਨ। 185 ਵੈਂਟੀਲੇਟਰ ਪੂਰੀ ਤਰ੍ਹਾਂ ਕਬਾੜ ਹੋ ਚੁੱਕੇ ਹਨ ਅਤੇ 55 ਵੈਂਟੀਲੇਟਰ ਸਰਕਾਰ ਵੱਲੋਂ ਅਧਿਕਾਰਤ ਤੌਰ 'ਤੇ ਖਰਾਬ ਐਲਾਨ ਦਿੱਤਾ ਗਿਆ ਹੈ।

ਕੋਰੋਨਾ ਕਾਲ 'ਚ ਖਰੀਦੇ ਵੈਂਟੀਲੇਟਰ ਵੀ ਨਿਕਲੇ 'ਫੇਲ੍ਹ'

ਹੈਰਾਨੀ ਦੀ ਗੱਲ ਇਹ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਖਰੀਦੇ ਗਏ 374 ਵੈਂਟੀਲੇਟਰ ਵੀ ਕੰਮ ਨਹੀਂ ਕਰ ਰਹੇ। ਕਈ ਮਸ਼ੀਨਾਂ ਹਸਪਤਾਲ ਦੇ ਸਿਸਟਮ ਨਾਲ ਮੇਲ ਨਹੀਂ ਖਾਂਦੀਆਂ ਅਤੇ ਕਈਆਂ ਨੂੰ ਚਲਾਉਣ ਲਈ ਸਿਖਲਾਈ ਪ੍ਰਾਪਤ ਸਟਾਫ਼ ਹੀ ਮੌਜੂਦ ਨਹੀਂ ਹੈ।

ਸਰਕਾਰ ਦੀ ਸੁਸਤ ਰਫ਼ਤਾਰ

ਸਿਹਤ ਵਿਭਾਗ ਨੇ ਮੌਜੂਦਾ ਵਿੱਤੀ ਸਾਲ ਵਿੱਚ 1,600 ਨਵੇਂ ਵੈਂਟੀਲੇਟਰਾਂ ਦੀ ਮੰਗ ਕੀਤੀ ਸੀ, ਪਰ ਸਰਕਾਰ ਨੇ ਸਿਰਫ਼ 150 ਨੂੰ ਹੀ ਮਨਜ਼ੂਰੀ ਦਿੱਤੀ। ਉਹ ਵੀ ਅਜੇ ਤੱਕ ਕਾਗਜ਼ੀ ਕਾਰਵਾਈਆਂ ਅਤੇ ਟੈਂਡਰਾਂ ਵਿੱਚ ਫਸੇ ਹੋਏ ਹਨ, ਜਿਸ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਦੀਆਂ ਜਾਨਾਂ ਦਾਅ 'ਤੇ ਲੱਗੀਆਂ ਹੋਈਆਂ ਹਨ।


author

cherry

Content Editor

Related News