PIA ਵਿਕਣ ਤੋਂ ਬਾਅਦ ਵੀ ਘਾਟੇ ਦਾ ਸੌਦਾ! ਟੈਕਸਦਾਤਾਵਾਂ ''ਤੇ ਵਧਿਆ 644 ਅਰਬ ਦਾ ਬੋਝ

Monday, Jan 19, 2026 - 07:09 PM (IST)

PIA ਵਿਕਣ ਤੋਂ ਬਾਅਦ ਵੀ ਘਾਟੇ ਦਾ ਸੌਦਾ! ਟੈਕਸਦਾਤਾਵਾਂ ''ਤੇ ਵਧਿਆ 644 ਅਰਬ ਦਾ ਬੋਝ

ਇਸਲਾਮਾਬਾਦ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦੇ ਸਾਲ 2025 'ਚ ਹੋਏ ਨਿੱਜੀਕਰਨ ਨੂੰ ਲੈ ਕੇ ਇੱਕ ਹੈਰਾਨੀਜਨਕ ਰਿਪੋਰਟ ਸਾਹਮਣੇ ਆਈ ਹੈ। ਹਾਲਾਂਕਿ ਸਰਕਾਰ ਦਾ ਮੰਨਣਾ ਸੀ ਕਿ ਇਸ ਕਦਮ ਨਾਲ ਰੋਜ਼ਾਨਾ ਦੇ ਘਾਟੇ ਨੂੰ ਰੋਕਿਆ ਜਾ ਸਕੇਗਾ, ਪਰ ਇੱਕ ਨਵੀਂ ਰਿਪੋਰਟ ਅਨੁਸਾਰ ਇਸ ਦੀ ਆਰਥਿਕ ਕੀਮਤ ਪਾਕਿਸਤਾਨ ਦੇ ਟੈਕਸ ਦਾਤਾਵਾਂ ਨੂੰ 644 ਅਰਬ ਰੁਪਏ ਦੇ ਬੋਝ ਵਜੋਂ ਚੁਕਾਉਣੀ ਪਈ ਹੈ।

ਸੌਦੇ ਦੀ ਅਸਲੀਅਤ ਅਤੇ ਗੁੰਮਰਾਹਕੁੰਨ ਦਾਅਵੇ
ਪਾਕਿਸਤਾਨ ਦੇ ਸਾਬਕਾ ਵਣਜ ਮੰਤਰੀ ਡਾ. ਮੁਹੰਮਦ ਜ਼ੁਬੈਰ ਖਾਨ ਨੇ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਸਰਕਾਰ ਦਾ ਇਹ ਕਹਿਣਾ ਗੁੰਮਰਾਹਕੁੰਨ ਹੈ ਕਿ ਆਰਿਫ ਹਬੀਬ ਦੀ ਅਗਵਾਈ ਵਾਲੇ ਕੰਸੋਰਟੀਅਮ ਨੇ PIA ਦੀ 75 ਫੀਸਦੀ ਹਿੱਸੇਦਾਰੀ 135 ਅਰਬ ਪਾਕਿਸਤਾਨੀ ਰੁਪਏ ਵਿੱਚ ਖਰੀਦੀ ਹੈ। ਰਿਪੋਰਟ ਮੁਤਾਬਕ, ਇਸ ਰਕਮ ਵਿੱਚੋਂ ਸਰਕਾਰ ਨੂੰ ਸਿਰਫ਼ 10.125 ਅਰਬ ਰੁਪਏ ਹੀ ਮਿਲਣਗੇ, ਜਦੋਂ ਕਿ ਬਾਕੀ 124.875 ਅਰਬ ਰੁਪਏ ਵਿਕਰੀ ਤੋਂ ਬਾਅਦ ਵਾਪਸ ਏਅਰਲਾਈਨ ਵਿੱਚ ਹੀ ਨਿਵੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ, ਖਰੀਦਦਾਰ ਗਰੁੱਪ ਵੱਲੋਂ ਆਪਣੀ ਜਾਇਦਾਦ ਦੇ ਮੁੱਲ ਵਿੱਚ 80 ਅਰਬ ਰੁਪਏ ਦਾ ਨਿਵੇਸ਼ ਕਰਨ ਦੀ ਵਚਨਬੱਧਤਾ ਨਾਲ ਵੀ ਸਰਕਾਰ ਨੂੰ ਕੋਈ ਸਿੱਧਾ ਲਾਭ ਨਹੀਂ ਹੋਵੇਗਾ।

ਘਾਟੇ ਦਾ ਸੌਦਾ ਅਤੇ ਕਰਜ਼ੇ ਦਾ ਜਾਲ
ਏਅਰਲਾਈਨ ਨੂੰ ਵੇਚਣ ਯੋਗ ਬਣਾਉਣ ਲਈ, ਸਰਕਾਰ ਨੇ ਪਹਿਲਾਂ ਹੀ 654 ਅਰਬ ਰੁਪਏ ਦੀਆਂ ਦੇਣਦਾਰੀਆਂ (ਕਰਜ਼ੇ) ਆਪਣੇ ਸਿਰ ਲੈ ਲਈਆਂ ਸਨ। ਡਾ. ਜ਼ੁਬੈਰ ਖਾਨ ਅਨੁਸਾਰ, ਸਰਕਾਰ ਨੇ ਅਸਲ ਵਿੱਚ ਕਰੀਬ 644 ਅਰਬ ਰੁਪਏ ਖਰਚ ਕਰਕੇ ਇਸ ਏਅਰਲਾਈਨ ਤੋਂ ਛੁਟਕਾਰਾ ਪਾਇਆ ਹੈ, ਜਿਸ ਦਾ ਮੁੱਖ ਮਕਸਦ ਸਿਰਫ਼ ਭਵਿੱਖ ਦੀਆਂ ਸਬਸਿਡੀਆਂ ਨੂੰ ਰੋਕਣਾ ਸੀ।

ਰਿਪੋਰਟ ਵਿੱਚ ਅਧਿਕਾਰੀਆਂ ਦੀ ਭੂਮਿਕਾ 'ਤੇ ਵੀ ਸਵਾਲ ਚੁੱਕੇ ਗਏ ਹਨ। ਸਰਕਾਰ ਨੇ ਵਪਾਰਕ ਕਰਜ਼ਿਆਂ ਨੂੰ 12 ਫੀਸਦੀ ਨਿਸ਼ਚਿਤ ਵਿਆਜ ਵਾਲੇ ਸਰਕਾਰੀ ਬਾਂਡਾਂ ਵਿੱਚ ਬਦਲ ਦਿੱਤਾ ਹੈ, ਜਿਸ ਨਾਲ ਬੈਂਕਾਂ ਲਈ ਮੁਨਾਫਾ ਸੁਰੱਖਿਅਤ ਹੋ ਗਿਆ ਹੈ, ਪਰ ਇਸ ਦਾ ਬੋਝ ਜਨਤਾ 'ਤੇ ਪਵੇਗਾ।

ਨਿਊਯਾਰਕ ਸਥਿਤ ਹੋਟਲ ਦੀ ਜਾਇਦਾਦ ਵੀ ਖਤਰੇ 'ਚ
ਰਿਪੋਰਟ ਵਿੱਚ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਨਿਊਯਾਰਕ ਸਥਿਤ ਰੂਜ਼ਵੈਲਟ ਹੋਟਲ ਇੱਕ ਅਰਬ ਡਾਲਰ ਵਿੱਚ ਵਿਕ ਵੀ ਜਾਂਦਾ ਹੈ, ਤਾਂ ਉਹ ਰਕਮ ਸਿਰਫ਼ ਵਿਆਜ ਦੀ ਭਰਪਾਈ ਲਈ ਹੀ ਕਾਫ਼ੀ ਹੋਵੇਗੀ। ਜੇਕਰ ਇਸ ਹੋਟਲ ਦੇ ਮੁੜ ਵਿਕਾਸ ਵਿੱਚ ਅੱਠ ਸਾਲ ਲੱਗਦੇ ਹਨ, ਤਾਂ ਸਰਕਾਰ ਨੂੰ ਇਸ ਦੌਰਾਨ 256 ਅਰਬ ਰੁਪਏ ਦਾ ਵਾਧੂ ਵਿਆਜ ਦੇਣਾ ਪਵੇਗਾ, ਜਿਸ ਨਾਲ ਜਾਇਦਾਦ ਦੀ ਕੀਮਤ ਬਣਨ ਤੋਂ ਪਹਿਲਾਂ ਹੀ ਖਤਮ ਹੋ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News