ਪਾਕਿਸਤਾਨ ''ਚ ਕੁਦਰਤ ਦਾ ਕਹਿਰ ! Avalanche ਕਾਰਨ ਇਕੋ ਪਰਿਵਾਰ ਦੇ 9 ਜੀਆਂ ਦੀ ਮੌਤ
Saturday, Jan 24, 2026 - 05:02 PM (IST)
ਇੰਟਰਨੈਸ਼ਨਲ ਡੈਸਕ- ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਭਾਰੀ ਬਰਫ਼ਬਾਰੀ ਦੌਰਾਨ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਬਰਫ਼ ਦੇ ਤੋਦੇ ਡਿਗਣ ਕਾਰਨ ਇੱਕੋ ਪਰਿਵਾਰ ਦੇ 9 ਮੈਂਬਰਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ ਲੋਅਰ ਚਿੱਤਰਾਲ ਜ਼ਿਲ੍ਹੇ ਦੇ ਸੇਰੀਗਲ ਪਿੰਡ ਵਿੱਚ ਵਾਪਰਿਆ।
ਜਿਸ ਵੇਲੇ ਪਹਾੜ ਤੋਂ ਬਰਫ਼ ਟੁੱਟ ਕੇ ਘਰ 'ਤੇ ਡਿੱਗੀ, ਉਸ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਰਾਤ ਦਾ ਖਾਣਾ ਖਾ ਰਹੇ ਸਨ। ਮ੍ਰਿਤਕਾਂ ਵਿੱਚ ਬੱਚਾ ਖਾਨ, ਉਸ ਦੀ ਪਤਨੀ, ਤਿੰਨ ਪੁੱਤਰ, ਦੋ ਧੀਆਂ ਅਤੇ ਦੋ ਨੂੰਹਾਂ ਸ਼ਾਮਲ ਹਨ। ਇਸ ਭਿਆਨਕ ਤਬਾਹੀ ਵਿੱਚ ਸਿਰਫ਼ ਇੱਕ 9 ਸਾਲਾ ਲੜਕਾ ਜ਼ਿੰਦਾ ਬਚਿਆ ਹੈ, ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਅਧਿਕਾਰੀਆਂ ਅਨੁਸਾਰ ਇਲਾਕੇ ਵਿੱਚ 20 ਇੰਚ ਤੋਂ ਵੱਧ ਬਰਫ਼ਬਾਰੀ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਭਾਰੀ ਬਰਫ਼ਬਾਰੀ ਕਾਰਨ ਖੈਬਰ ਪਖਤੂਨਖਵਾ, ਬਲੂਚਿਸਤਾਨ ਅਤੇ ਗਿਲਗਿਤ-ਬਾਲਟਿਸਤਾਨ ਵਰਗੇ ਇਲਾਕਿਆਂ ਵਿੱਚ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੜਕਾਂ ਬੰਦ ਹੋਣ ਕਾਰਨ ਕਈ ਯਾਤਰੀ ਫਸੇ ਹੋਏ ਹਨ ਅਤੇ ਬਿਜਲੀ ਦੀ ਸਪਲਾਈ ਵੀ ਠੱਪ ਹੋ ਗਈ ਹੈ। ਰਾਹਤ ਅਤੇ ਬਚਾਅ ਕਾਰਜਾਂ ਵਿੱਚ ਵੀ ਮੌਸਮ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਕਿਸਤਾਨ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਐਤਵਾਰ ਰਾਤ ਤੋਂ ਮੰਗਲਵਾਰ ਤੱਕ ਦੇਸ਼ ਦੇ ਕਈ ਹਿੱਸਿਆਂ ਵਿੱਚ ਹੋਰ ਬਾਰਿਸ਼ ਅਤੇ ਬਰਫ਼ਬਾਰੀ ਹੋ ਸਕਦੀ ਹੈ, ਜਿਸ ਨਾਲ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ।
