ਇਮਰਾਨ ਦੀ ਸਾਬਕਾ ਪਤਨੀ- ''ਪਾਕਿ ਫੌਜ ਨੂੰ ਬੂਟ ਸਾਫ ਕਰਨ ਵਾਲਾ ਆਖਿਰ ਮਿਲ ਹੀ ਗਿਆ''

Sunday, Jul 29, 2018 - 04:13 PM (IST)

ਇਸਲਾਮਾਬਾਦ (ਬਿਊਰੋ)— ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਇਕ ਇੰਟਰਵਿਊ ਦੌਰਾਨ ਇਕ ਵਾਰ ਫਿਰ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ। ਰੇਹਮ ਖਾਨ ਮੁਤਾਬਕ ਇਮਰਾਨ ਖਾਨ ਫੌਜ ਦੇ ਸਮਰਥਨ ਨਾਲ ਬਣੇ ਪ੍ਰਧਾਨ ਮੰਤਰੀ ਹੋਣਗੇ। ਫਿਲਹਾਲ ਇਹ ਇਮਰਾਨ ਦੀ ਜਿੱਤ ਨਹੀਂ ਹੈ। ਇਹ ਸਭ ਕੁਝ ਪਹਿਲਾਂ ਹੀ ਤੈਅ ਸੀ। ਇਮਰਾਨ ਦੀ ਜਿੱਤ ਦਾ ਮਜ਼ਾਕ ਉਡਾਉਂਦਿਆ ਰੇਹਮ ਖਾਨ ਨੇ ਕਿਹਾ ਕਿ ਉਹ ਸਿਰਫ ਡਾਇਰੈਕਟਰ ਦੇ ਐਕਟਰ ਹਨ। ਇਸ ਵਿਚ ਡਾਇਰੈਕਟਰ ਫੌਜ ਹੈ। ਫੌਜ ਨੂੰ ਬੂਟ ਪਾਲਸ਼ ਕਰਨ ਵਾਲਾ ਇਕ ਵਿਅਕਤੀ ਚਾਹੀਦਾ ਸੀ ਅਤੇ ਇਹ ਮੌਕਾ ਇਮਰਾਨ ਖਾਨ ਨੇ ਉਨ੍ਹਾਂ ਨੂੰ ਦਿੱਤਾ ਹੈ। 
ਰੇਹਮ ਖਾਨ ਨੇ ਇਮਰਾਨ ਦੇ ਪਲੇਅਬੁਆਏ ਵਾਲੇ ਅਕਸ 'ਤੇ ਵੀ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਕਿਹਾ,''ਇਮਰਾਨ ਨੌਜਵਾਨਾਂ ਲਈ ਇਕ ਗਲਤ ਆਦਰਸ਼ ਹਨ, ਜਿਨ੍ਹਾਂ ਦੇ ਨਕਸ਼ੇ ਕਦਮ 'ਤੇ ਨਹੀਂ ਚੱਲਣਾ ਚਾਹੀਦਾ। ਉਹ ਘਰ ਵਿਚ ਤਾਂ ਖੁੱਲ੍ਹੇ ਵਿਚਾਰਾਂ ਵਾਲਾ ਵਿਅਕਤੀ ਹੋਣ ਦਾ ਦਿਖਾਵਾ ਕਰਦੇ ਹਨ ਪਰ ਬਾਹਰ ਈਸ਼-ਨਿੰਦਾ ਕਾਨੂੰਨ ਦਾ ਸਮਰਥਨ ਕਰਦੇ ਹਨ। ਸਹੀ ਗੱਲ ਹੈ ਕਿ ਉਨ੍ਹਾਂ ਦਾ ਪਲੇਅਬੁਆਏ ਵਾਲਾ ਅਕਸ ਵੀ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਕਿਉਂਕਿ ਸਾਡੇ ਸਮਾਜ ਵਿਚ ਮਰਦ ਨੂੰ ਹਮੇਸ਼ਾ ਸਹੀ ਸਮਝਿਆ ਜਾਂਦਾ ਹੈ ਜਦਕਿ ਔਰਤ ਨੂੰ ਹਮੇਸ਼ਾ ਗਲਤ।'' 
ਇਮਰਾਨ ਦੀ ਜਿੱਤ ਦੇ ਬਾਅਦ ਭਾਰਤ-ਪਾਕਿਸਤਾਨ ਰਿਸ਼ਤਿਆਂ ਨੂੰ ਲੈ ਕੇ ਰੇਹਮ ਖਾਨ ਨੇ ਕਿਹਾ ਕਿ ਭਾਰਤੀ ਮੀਡੀਆ ਇਮਰਾਨ ਖਾਨ ਨੂੰ ਇਕ ਹੀਰੋ ਦੇ ਰੂਪ ਵਿਚ ਪੇਸ਼ ਕਰ ਰਿਹਾ ਹੈ ਪਰ ਉਹ ਉਦੋਂ ਤੱਕ ਹੀ ਦੋਸਤ ਹਨ, ਜਦੋਂ ਤੱਕ ਉਨ੍ਹਾਂ ਦਾ ਖੁਦ ਦਾ ਫਾਇਦਾ ਹੁੰਦਾ ਹੈ। ਪੀ.ਟੀ.ਆਈ. ਹੀ 'ਬੱਲਾ ਘੁੰਮਾਓ, ਭਾਰਤ ਭਜਾਓ' ਜਿਹੇ ਸੋਸ਼ਲ ਟਰੈਂਡ ਦੇ ਪਿੱਛੇ ਸੀ। ਰੇਹਮ ਖਾਨ ਨੇ ਕਿਹਾ,''ਪਹਿਲੀ ਗੱਲ ਕਿ ਬ੍ਰਿਟਿਸ਼ ਨਾਗਰਿਕ ਹੋਣ ਕਾਰਨ ਉਹ ਪਾਕਿਸਤਾਨ ਵਿਚ ਚੋਣ ਨਹੀਂ ਲੜ ਸਕਦੀ। ਦੂਜੀ ਗੱਲ ਪਾਕਿਸਤਾਨ ਦੀ ਰਾਜਨੀਤੀ ਮੇਰੇ ਲਈ ਬਹੁਤ ਗੰਦੀ ਹੈ।'' ਇਮਰਾਨ ਦੇ ਸਰੀਰਕ ਹਾਵ-ਭਾਵ ਦੇਖੀਏ ਤਾਂ ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਨੇ ਜਨਾਦੇਸ਼ ਚੋਰੀ ਕੀਤਾ ਹੈ। ਫੌਜ ਇਕ ਬੂਟ ਪਾਲਸ਼ ਕਰਨ ਵਾਲਾ ਵਿਅਕਤੀ ਚਾਹੁੰਦੀ ਸੀ ਅਤੇ ਮੌਜੂਦਾ ਸਮੇਂ ਵਿਚ ਇਮਰਾਨ ਤੋਂ ਬਿਨਾਂ ਇਹ ਕੰਮ ਚੰਗੇ ਤਰੀਕੇ ਨਾਲ ਕੋਈ ਨਹੀਂ ਸੀ ਕਰ ਸਕਦਾ। ਪਰ ਇਮਰਾਨ ਦੇ ਇਹ ਚੰਗੇ ਦਿਨ ਥੋੜ੍ਹੇ ਸਮੇਂ ਲਈ ਹੀ ਹਨ।


Related News