ਪਾਕਿਸਤਾਨ ’ਚ ਨਾਬਾਲਗ ਹਿੰਦੂ ਕੁੜੀ ਨਾਲ ਜਬਰ-ਜ਼ਿਨਾਹ, ਮਾਪਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ
Thursday, Aug 12, 2021 - 01:40 PM (IST)
![ਪਾਕਿਸਤਾਨ ’ਚ ਨਾਬਾਲਗ ਹਿੰਦੂ ਕੁੜੀ ਨਾਲ ਜਬਰ-ਜ਼ਿਨਾਹ, ਮਾਪਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ](https://static.jagbani.com/multimedia/2021_8image_13_39_554190459hindugirl.jpg)
ਇਸਲਾਮਾਬਾਦ— ਪਾਕਿਸਤਾਨ ਦੇ ਸਿੰਧ ਸੂਬੇ ’ਚ ਇਕ ਨਾਬਾਲਗ ਹਿੰਦੂ ਕੁੜੀ ਨੂੰ ਜਬਰ-ਜ਼ਿਨਾਹ ਮਗਰੋਂ ਅਗਵਾ ਕਰ ਲਿਆ ਗਿਆ। ਜਦਕਿ ਕੁੜੀ ਦੇ ਮਾਤਾ-ਪਿਤਾ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ। ਦੱਖਣੀ ਕੋਰੀਆ ਆਧਾਰਿਤ ਪਾਕਿਸਤਾਨ ਮਨੁੱਖੀ ਅਧਿਕਾਰ ਕਾਰਕੁੰਨ ਰਾਹਤ ਆਸਟਿਨ ਨੇ ਕਿਹਾ ਕਿ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਸਿੰਧ ਦੇ ਥਾਰਪਾਰਕਰ ਜ਼ਿਲ੍ਹੇ ’ਚ ਵਾਪਰੀ। ਮੁਹੰਮਦ ਅਲੀ ਨਵਾਜ਼ ਦਾ ਸਮੂਹ ਹਿੰਦੂ ਪਿੰਡ ਵਾਸੀ ਦੇ ਘਰ ਵਿਚ ਦਾਖ਼ਲ ਹੋਇਆ। ਆਸਟਿਨ ਨੇ ਕਿਹਾ ਕਿ ਉਕਤ ਸਮੂਹ ਨੇ ਉਸ ਆਦਮੀ ਦੇ ਪਰਿਵਾਰ ਦੀ ਕੁੱਟਮਾਰ ਕੀਤੀ ਅਤੇ ਉਸ ਦੀ 15 ਸਾਲਾ ਧੀ ਨਾਲ ਜਬਰ-ਜ਼ਿਨਾਹ ਮਗਰੋਂ ਉਸ ਨੂੰ ਸੈਕਸ ਸਲੇਵ ਬਣਾ ਕੇ ਰੱਖਣ ਲਈ ਅਗਵਾ ਕਰ ਲਿਆ। ਸੰਭਾਵਨਾ ਹੈ ਕਿ ਕੁੜੀ ਦਾ ਧਰਮ ਪਰਿਵਰਤਨ ਕਰ ਦਿੱਤਾ ਜਾਵੇਗਾ।
ਇਹ ਘਟਨਾ ਉਦੋਂ ਉਜਾਗਰ ਹੋਈ, ਜਦੋਂ ਕੁੜੀ ਦੇ ਪਰਿਵਾਰ ਦਾ ਇਕ ਵੀਡੀਓ ਸਾਹਮਣੇ ਆਇਆ। ਇਸ ਵੀਡੀਓ ’ਚ ਉਹ ਆਪਣੀ ਹੱਡਬੀਤੀ ਦੱਸ ਰਹੇ ਹਨ ਅਤੇ ਉਨ੍ਹਾਂ ਨੇ ਨਿਆਂ ਦੀ ਗੁਹਾਰ ਲਾਈ ਹੈ। ਇਸ ਘਟਨਾ ਮਗਰੋਂ ਪਾਕਿਸਤਾਨ ’ਚ ਰਹਿੰਦੇ ਹਿੰਦੂਆਂ ਦੇ ਦਿਲਾਂ ’ਚ ਡਰ ਪੈਦਾ ਹੋ ਗਿਆ ਹੈ। ਦੱਸ ਦੇਈਏ ਕਿ ਪਾਕਿਸਤਾਨ ’ਚ ਅਜਿਹੀ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਹੀ ਇਕ ਮੁਸਲਿਮ ਡਰਾਈਵਰ ਵਲੋਂ ਇਕ ਹਿੰਦੂ ਮੁੰਡੇ ਨੂੰ ਧਮਕਾਇਆ ਗਿਆ ਸੀ ਅਤੇ ‘ਅੱਲ੍ਹਾ ਅਕਬਰ’ ਕਹਿਣ ਲਈ ਮਜ਼ਬੂਰ ਕੀਤਾ ਗਿਆ ਸੀ। ਵਾਇਰਲ ਵੀਡੀਓ ’ਚ ਮੁੰਡਾ ਡਰਿਆ ਹੋਇਆ ਹੱਥ ਜੋੜ ਕੇ ਭੀਖ ਮੰਗ ਰਿਹਾ ਹੈ। ਉਕਤ ਮੁਸਲਿਮ ਡਰਾਈਵਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।