ਪਾਕਿ ਦੇ ਜੂਨ ਤੱਕ FATF ਦੀ ਗ੍ਰੇ ਸੂਚੀ ''ਚੋਂ ਨਿਕਲਣ ਦੀ ਸੰਭਾਵਨਾ ਨਹੀਂ

02/17/2021 6:05:49 PM

ਇਸਲਾਮਾਬਾਦ (ਭਾਸ਼ਾ): ਗਲੋਬਲ ਅੱਤਵਾਦੀ ਵਿੱਤਪੋਸ਼ਣ ਵਾਚਡੌਗ ਵਿੱਤੀ ਕਾਰਵਾਈ ਕਾਰਜ ਬਲ (FATF) ਦੀ ਗ੍ਰੇ ਸੂਚੀ ਵਿਚੋਂ ਪਾਕਿਸਤਾਨ ਦੇ ਜੂਨ ਤੱਕ ਬਾਹਰ ਨਿਕਲਣ ਦੀ ਸੰਭਾਵਨਾ ਨਹੀਂ ਹੈ। ਭਾਵੇਂਕਿ ਉਹ ਸੰਗਠਨ ਦੀ ਬੈਠਕ ਤੋਂ ਪਹਿਲਾਂ ਮੈਂਬਰ ਦੇਸ਼ਾਂ ਤੋਂ ਸਮਰਥਨ ਜੁਟਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟਿਆ ਹੋਇਆ ਹੈ। ਇਹ ਗੱਲ ਬੁੱਧਵਾਰ ਨੂੰ ਇਕ ਮੀਡੀਆ ਰਿਪੋਰਟ ਵਿਚ ਕਹੀ ਗਈ ਹੈ। ਐੱਫ.ਏ.ਟੀ.ਐੱਫ. ਦੀ ਪੂਰੀ ਅਤੇ ਕਾਰਜਕਾਰੀ ਸਮੂਹ ਦੀਆਂ ਬੈਠਕਾਂ 21 ਤੋਂ 26 ਫਰਵਰੀ ਦਰਮਿਆਨ ਪੈਰਿਸ ਵਿਚ ਹੋਣੀਆਂ ਹਨ। ਉਹਨਾਂ ਬੈਠਕਾਂ ਵਿਚ ਗ੍ਰੇ ਸੂਚੀ ਵਿਚ ਪਾਕਿਸਤਾਨ ਦੀ ਸਥਿਤੀ 'ਤੇ ਫ਼ੈਸਲਾ ਹੋਣ ਦੀ ਪੂਰੀ ਸੰਭਾਵਨਾ ਹੈ। 

ਪਾਕਿਸਤਾਨ ਨੂੰ ਜੂਨ 2018 ਵਿਚ ਐੱਫ.ਏ.ਟੀ.ਐੱਫ. ਦੀ ਗ੍ਰੇ ਸੂਚੀ ਵਿਚ ਰੱਖਿਆ ਗਿਆ ਸੀ ਅਤੇ 27 ਮੁੱਦਿਆਂ ਨੂੰ ਲਾਗੂ ਕਰ ਕੇ ਗਲੋਬਲ ਚਿੰਤਾਵਾਂ ਨੂੰ ਦੂਰ ਕਰਨ ਲਈ ਸਮੇਂ ਸੀਮਾ ਦਿੱਤੀ ਗਈ ਸੀ। ਗ੍ਰੇ ਸੂਚੀ ਵਿਚ ਉਹ ਦੇਸ਼ ਸ਼ਾਮਲ ਹੁੰਦੇ ਹਨ ਜਿੱਥੇ ਅੱਤਵਾਦ ਦੀ ਫੰਡਿੰਗ ਅਤੇ ਮਨੀ ਲਾਂਡਰਿੰਗ ਦਾ ਜ਼ੋਖਮ ਸਭ ਤੋਂ ਵੱਧ ਹੁੰਦਾ ਹੈ ਪਰ ਇਹ ਦੇਸ਼ ਐੱਫ.ਏ.ਟੀ.ਐੱਫ. ਨਾਲ ਮਿਲ ਕੇ ਇਸ ਨੂੰ ਰੋਕਣ ਲਈ ਤਿਆਰ ਹੁੰਦੇ ਹਨ। ਐੱਫ.ਏ.ਟੀ.ਐੱਫ. ਨੇ ਪਿਛਲੇ ਸਾਲ ਅਕਤੂਬਰ ਵਿਚ ਆਪਣੀ ਡਿਜੀਟਲ ਬੈਠਕ ਵਿਚ ਨਤੀਜਾ ਕੱਢਿਆ ਸੀ ਕਿ ਪਾਕਿਸਤਾਨ ਫਰਵਰੀ 2021 ਤੱਕ ਇਸ ਸੂਚੀ ਵਿਚ ਬਣਿਆ ਰਹੇਗਾ ਕਿਉਂਕਿ ਉਹ 6 ਪ੍ਰਮੁੱਖ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿਚ ਅਸਫਲ ਰਿਹਾ ਹੈ। ਇਹਨਾਂ ਵਿਚ ਭਾਰਤ ਦੇ ਦੋ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ- ਮੌਲਾਨਾ ਮਸੂਦ ਅਜ਼ਹਰ ਅਤੇ ਹਾਫਿਜ਼ ਸਈਦ ਖ਼ਿਲਾਫ਼ ਕਾਰਵਾਈ ਕਰਨਾ ਸ਼ਾਮਲ ਹੈ। 

ਐਕਸਪ੍ਰੈੱਸ ਟ੍ਰਿਬਿਊਨ ਅਖ਼ਬਾਰ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਭਾਵੇਂਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐੱਫ.ਏ.ਟੀ.ਐੱਫ. ਦੀ ਆਗਾਮੀ ਬੈਠਕ ਦੇ ਨਤੀਜੇ ਨੂੰ ਲੈ ਕੇ ਆਸ ਜ਼ਾਹਰ ਕੀਤੀ ਸੀ ਪਰ ਅਧਿਕਾਰੀਆਂ ਨੇ ਸਵੀਕਾਰ ਕੀਤਾ ਹੈ ਕਿ ਪਾਕਿਸਤਾਨ ਘੱਟੋ-ਘੱਟ ਜੂਨ ਤੱਕ ਗ੍ਰੇ ਸੂਚੀ ਵਿਚ ਸ਼ਾਮਲ ਰਹੇਗਾ। ਭਾਵੇਂਕਿ ਇਸ ਵਿਚ ਕਿਹਾ ਗਿਆ ਹੈ ਕਿ ਐੱਫ.ਏ.ਟੀ.ਐੱਫ. ਬੈਠਕ ਤੋਂ ਪਹਿਲਾਂ ਪਾਕਿਸਤਾਨ ਬੌਡੀ ਦੇ ਮੈਂਬਰ ਦੇਸ਼ਾਂ ਤੋਂ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਇਕ ਸੀਨੀਅਰ ਪਾਕਿਸਤਾਨੀ ਅਧਿਕਾਰੀ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਮੈਂਬਰ ਦੇਸ਼ਾਂ ਦੇ ਵਿਚ ਸਹਿਮਤੀ ਬਣਦੀ ਹੈ ਤਾ ਪਾਕਿਸਤਾਨ ਨੂੰ ਇਸ ਸਾਲ ਜੂਨ ਤੱਕ ਗ੍ਰੇ ਸੂਚੀ ਵਿਚੋਂ ਬਾਹਰ ਆਉਣ ਵਿਚ ਮਦਦ ਮਿਲ ਸਕਦੀ ਹੈ।


Vandana

Content Editor

Related News