ਤੁਸੀਂ ਵੀ ਚੁੱਲ੍ਹਾ ਬਾਲੋ ਮੈਂ ਹੀ ਰੋਟੀ ਕਿਉਂ ਵੇਲਾਂ, ਪਾਕਿ ਔਰਤਾਂ ਨੇ ਦਿੱਤਾ ਨਾਅਰਾ

Monday, Mar 18, 2019 - 02:36 PM (IST)

ਤੁਸੀਂ ਵੀ ਚੁੱਲ੍ਹਾ ਬਾਲੋ ਮੈਂ ਹੀ ਰੋਟੀ ਕਿਉਂ ਵੇਲਾਂ, ਪਾਕਿ ਔਰਤਾਂ ਨੇ ਦਿੱਤਾ ਨਾਅਰਾ

ਇਸਲਾਮਾਬਾਦ (ਬਿਊਰੋ)— ਇਕ ਸਰਵੇਖਣ ਮੁਤਾਬਕ ਔਰਤਾਂ ਲਈ ਪਾਕਿਸਤਾਨ ਦੁਨੀਆ ਦਾ 6ਵਾਂ ਖਤਰਨਾਕ ਦੇਸ਼ ਹੈ। ਅਜਿਹੇ ਦੇਸ਼ ਵਿਚ ਔਰਤਾਂ ਵੱਲੋਂ ਆਪਣੇ ਹੱਕਾਂ ਦੀ ਮੰਗ ਖਾਤਰ ਮਾਰਚ ਕੱਢਣਾ ਖਤਰਾ ਮੋਲ ਲੈਣ ਤੋਂ ਘੱਟ ਨਹੀਂ ਹੈ। ਇਨੀਂ ਦਿਨੀਂ ਪਾਕਿਸਤਾਨ ਦੀ ਮਹਿਲਾ ਵਕੀਲ ਅਤੇ ਨਾਰੀਵਾਦੀ ਅੰਦਲੋਨ ਦੀ ਪ੍ਰਮੁੱਖ ਨੇਤਾ ਨਿਘਤ ਦਾਦ ਕੱਟੜਵਾਦੀਆਂ ਦੇ ਨਿਸ਼ਾਨੇ 'ਤੇ ਹੈ। ਉਨ੍ਹਾਂ ਨੂੰ ਬਲਾਤਕਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਆਨਲਾਈਨ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦਾ ਕਾਰਨ 8 ਮਾਰਚ ਨੂੰ ਮਹਿਲਾ ਦਿਵਸ 'ਤੇ ਲਾਹੌਰ, ਕਰਾਚੀ ਸਮੇਤ ਕਈ ਸ਼ਹਿਰਾਂ ਵਿਚ ਔਰਤਾਂ ਦੇ ਹੱਕ ਦੀ ਮੰਗ ਨੂੰ ਲੈ ਕੇ 'ਔਰਤ ਮਾਰਚ' ਕੱਢਣਾ ਹੈ। 

ਇਸ ਮਾਰਚ ਵਿਚ ਸ਼ਾਮਲ ਕੁਝ ਔਰਤਾਂ ਦੇ ਪੋਸਟਰਾਂ ਵਿਚ ਲਿਖੇ ਨਾਅਰਿਆਂ ਤੋਂ ਕੱਟੜਪੰਥੀ ਨਾਰਾਜ਼ ਹਨ। ਉਨ੍ਹਾਂ ਦੀ ਨਾਰਾਜ਼ਗੀ ਇਸ ਗੱਲ 'ਤੇ ਹੈ ਕਿ ਮਾਰਚ ਵਿਚ ਔਰਤਾਂ ਨੇ ਜਿਹੜੀਆਂ ਪੋਸਟਰ ਤਖਤੀਆਂ ਫੜੀਆਂ ਸਨ ਉਨ੍ਹਾਂ 'ਤੇ ਇਤਰਾਜ਼ਯੋਗ ਨਾਅਰੇ ਲਿਖੇ ਹੋਏ ਸਨ। ਪੋਸਟਰਾਂ ਵਿਚ 'ਤਲਾਕਸ਼ੁਦਾ ਅਤੇ ਖੁਸ਼', ਮੈਂ ਹੀ ਰੋਟੀ ਕਿਉਂ ਵੇਲਾਂ, ਤੁਸੀਂ ਵੀ ਵੇਲੋ', 'ਤੁਸੀਂ ਵੀ ਚੁੱਲ੍ਹਾ ਬਾਲੋ' 'ਕੀ ਪਰੌਂਠੀ ਬਣਾਉਣ ਵਿਚ ਲਿੰਗੀਭੇਦ ਨਹੀਂ ਹੈ?' ਅਤੇ 'ਮੈਨੂੰ ਖੁਦ ਦੇ ਔਰਤ ਹੋਣ 'ਤੇ ਮਾਣ ਹੈ' ਆਦਿ ਲਿਖਿਆ ਸੀ। 

PunjabKesari

ਇਕ ਪੋਸਟਰ 'ਤੇ ਪੁਰਸ਼ਾਂ ਨੂੰ ਆਪਣੀਆਂ ਜੁਰਾਬਾਂ ਲੱਭਣ ਦੀ ਗੱਲ ਲਿਖੀ ਸੀ। ਇਕ ਨਾਅਰੇ ਵਿਚ ਪੁਰਸ਼ਾਂ ਨੂੰ ਆਪਣਾ ਖਾਣਾ ਖੁਦ ਗਰਮ ਕਰਨ ਦੀ ਨਸੀਹਤ ਵੀ ਲਿਖੀ ਸੀ। ਇਨ੍ਹਾਂ ਨਾਅਰਿਆਂ 'ਤੇ ਪਾਕਿਸਤਾਨ ਦੇ ਫਿਲਮ ਅਦਾਕਾਰ ਸ਼ਾਨ ਸ਼ਾਹਿਦ ਨੇ ਟਵਿੱਟਰ 'ਤੇ ਲਿਖਿਆ,''ਮੈਨੂੰ ਨਹੀਂ ਲੱਗਦਾ ਕਿ ਪੋਸਟਰ ਸਾਡੇ ਸੱਭਿਆਚਾਰ ਅਤੇ ਮੁੱਲਾਂ ਨੂੰ ਦਰਸਾਉਂਦੇ ਹਨ।'' ਉੱਥੇ ਇਕ ਧਾਰਮਿਕ ਸੰਗਠਨ ਨੇ ਔਰਤ ਮਾਰਚ ਦੇ ਆਯੋਜਕਾਂ ਵਿਰੁੱਧ ਕੇਸ ਵੀ ਕੀਤਾ ਹੈ। ਉੱਧਰ ਨਿਘਤ ਦਾਦ ਨੇ ਆਨਲਾਈਨ ਪਰੇਸ਼ਾਨੀ ਵਿਰੁੱਧ ਫੈਡਰਲ ਇਨਵੈਸਟੀਗੇਸ਼ਨ ਅਥਾਰਿਟੀ (ਐੱਫ.ਆਈ.ਏ.) ਵਿਚ ਸ਼ਿਕਾਇਤ ਦਰਜ ਕਰਾਉਣ ਦੀ ਗੱਲ ਕਹੀ ਹੈ।


author

Vandana

Content Editor

Related News