ਪਾਕਿ ਅਦਾਲਤ ਨੇ JUD ਅਤੇ ਜੈਸ਼ ਦੇ 12 ਮੈਂਬਰਾਂ ਨੂੰ ਸੁਣਾਈ ਸਜ਼ਾ

07/01/2019 5:47:37 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਅੱਤਵਾਦ ਵਿਰੋਧੀ ਅਦਾਲਤਾਂ ਨੇ ਪਾਬੰਦੀਸ਼ੁਦਾ ਸੰਗਠਨਾਂ ਜਮਾਤ-ਉਦ-ਦਾਅਵਾ (JUD) ਅਤੇ ਜੈਸ਼-ਏ-ਮੁਹੰਮਦ ਦੇ 12 ਮੈਂਬਰਾਂ ਨੂੰ ਅੱਤਵਾਦੀ ਗਤੀਵਿਧੀਆਂ ਨੂੰ ਵਿੱਤੀ ਮਦਦ ਮੁਹੱਈਆ ਕਰਾਉਣ ਦੇ ਮਾਮਲੇ ਵਿਚ 5 ਸਾਲ ਤੱਕ ਦੀ ਜੇਲ ਦੀ ਸਜ਼ਾ ਸੁਣਾਈ ਹੈ। ਪੰਜਾਬ ਪੁਲਸ ਦੇ ਅੱਤਵਾਦ ਵਿਰੋਧੀ ਵਿਭਾਗ (ਸੀ.ਟੀ.ਡੀ.) ਮੁਤਾਬਕ ਉਸ ਨੇ ਅੱਤਵਾਦੀ ਗਤੀਵਿਧੀਆਂ ਨੂੰ ਵਿੱਤੀ ਮਦਦ ਮੁੱਹਈਆ ਕਰਵਾਉਣ ਦੇ ਦੋਸ਼ ਵਿਚ ਜਮਾਤ-ਉਦ-ਦਾਅਵਾ ਅਤੇ ਜੈਸ਼ ਦੇ ਮੈਂਬਰਾਂ ਨੂੰ ਕੁਝ ਸਮਾਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਸੀ।

ਸੁਣਵਾਈ ਲਈ ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੀਆਂ ਅੱਤਵਾਦ ਵਿਰੋਧੀ ਅਦਾਲਤਾਂ ਵਿਚ ਪੇਸ਼ ਕੀਤਾ ਗਿਆ। ਸੀ.ਟੀ.ਡੀ ਨੇ ਇੱਥੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ,''ਏ.ਟੀ.ਸੀ. ਨੇ ਜਮਾਤ-ਉਦ-ਦਾਅਵਾ ਦੇ ਰਾਵਲਪਿੰਡੀ ਵਸਨੀਕ ਅਸਗਰ ਅਲੀ, ਜ਼ੂਨੈਦ ਇਰਸ਼ਾਦ ਤੇ ਇਜਾਜ਼ ਅਹਿਮਦ ਅਤੇ ਰਹੀਮ ਯਾਰ ਖਾਨ ਦੇ ਅਬਦੁੱਲ ਖਾਲਿਕ ਨੂੰ ਦੋ-ਦੋ ਸਾਲ ਜੇਲ ਦੀ ਸਜ਼ਾ ਸੁਣਾਈ ਅਤੇ ਜੁਰਮਾਨਾ ਵੀ ਲਗਾਇਆ।'' 

ਬਿਆਨ ਵਿਚ ਕਿਹਾ ਗਿਆ ਕਿ ਜੈਸ਼-ਏ-ਮੁਹੰਮਦ ਦੇ 8 ਸਥਾਨਕ ਮੈਂਬਰਾਂ ਨੂੰ ਏ.ਟੀ.ਸੀ. ਨੇ ਦੋਸ਼ੀ ਪਾਇਆ ਅਤੇ ਪੰਜ ਸਾਲ ਜੇਲ ਦੀ ਸਜ਼ਾ ਸੁਣਾਈ। ਜੈਸ਼ ਦੇ ਦੋਸ਼ੀ ਠਹਿਰਾਏ ਗਏ ਮੈਂਬਰਾਂ ਦੀ ਪਛਾਣ ਗੁਜਰਾਂਵਾਲਾ ਦੇ ਇਫਤੀਕਾਰ ਅਹਿਮਦ, ਮੁਹੰਮਦ ਅਜ਼ਮਲ, ਬਿਲਾਲ ਮੱਕੀ, ਅਬਰਾਰ ਅਹਿਮਦ ਅਤੇ ਇਰਫਾਨ ਅਹਿਮਦ, ਰਾਵਲਪਿੰਡੀ ਦੇ ਹਫੀਜ਼ੁੱਲਾ, ਮਜ਼ਹਰ ਨਵਾਜ਼ ਅਤੇ ਅਬਦੁੱਲ ਲਤੀਫ ਦੇ ਰੂਪ ਵਿਚ ਕੀਤੀ ਗਈ। ਜੈਸ਼ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ।


Vandana

Content Editor

Related News