ਪਾਕਿਸਤਾਨ ’ਚ ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੀ ਸੰਖਿਆ 22,000 ਦੇ ਪਾਰ

Monday, Jun 21, 2021 - 05:55 PM (IST)

ਪਾਕਿਸਤਾਨ ’ਚ ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੀ ਸੰਖਿਆ 22,000 ਦੇ ਪਾਰ

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਕੋਰੋਨਾ ਵਾਇਰਸ ਨਾਲ ਜਾਨ ਗਵਾਉਣ ਵਾਲਿਆਂ ਦੀ ਸੰਖਿਆ ਸੋਮਵਾਰ ਨੂੰ 22,000 ਦੇ ਪਾਰ ਪਹੁੰਚ ਗਈ। ਦੇਸ਼ ਵਿਚ ਸਿੰਧ ਸੂਬੇ ਵਿਚ ਕੋਵਿਡ-19 ਦੇ ਸਭ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਰਹੇ ਹਨ। ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਆਪਣੇ ਰੋਜ਼ਾਨਾ ਬੁਲੇਟਿਨ ਵਿਚ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 30 ਮਰੀਜ਼ਾਂ ਨੇ ਦਮ ਤੋੜਿਆ ਹੈ ਅਤੇ 907 ਨਵੇਂ ਮਾਮਲੇ ਆਏ ਹਨ, ਜਿਸ ਨਾਲ ਮ੍ਰਿਤਕਾਂ ਦੀ ਸੰਖਿਆ ਵੱਧ ਕੇ 22007 ਅਤੇ ਪੀੜਤਾਂ ਦੀ ਸੰਖਿਆ ਵੱਧ ਕੇ 9,49,175 ਹੋ ਗਈ ਹੈ। ਨਵੇਂ ਮਾਮਲਿਆਂ ਵਿਚ ਸਭ ਤੋਂ ਜ਼ਿਆਦਾ 595 ਮਾਮਲੇ ਸਿੰਧ ਸੂਬੇ ਤੋਂ ਹਨ।

ਕੋਰੋਨਾ ਵਾਇਰਸ ਨੇ ਸੂਬੇ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਸਿੰਧ ਸੂਬੇ ਤੋਂ ਹੁਣ ਤੱਕ 3.07 ਲੱਖ ਤੋਂ ਜ਼ਿਆਦਾ ਮਾਮਲੇ ਆਏ ਹਨ। ਪਾਕਿਸਤਾਨ ਵਿਚ ਟੀਕਾਕਰਨ ਮੁਹਿੰਮ ਦੇ ਜ਼ੋਰ ਫੜਨ ਨਾਲ ਐਤਵਾਰ ਨੂੰ ਚੀਨ ਨਿਰਮਿਤ ਕੋਵਿਡ-19 ਟੀਕੇ ਦੀਆਂ 15.5 ਲੱਖ ਖ਼ੁਰਾਕਾਂ ਪ੍ਰਾਪਤ ਹੋਈਆਂ। ਸਾਈਨੋਵੈਨ ਟੀਕੇ ਦੀ ਖ਼ੁਰਾਕ ਪ੍ਰਾਪਤ ਹੋਣ ਦੇ ਬਾਅਦ ਯੋਜਨਾ ਮੰਤਰੀ ਅਤੇ ਐਨ.ਸੀ.ਓ.ਸੀ. ਪ੍ਰਮੁਖ ਅਸਦ ਉਮਰ ਨੇ ਟਵੀਟ ਕਰਕੇ ਦੱਸਿਆ ਕਿ ਪਿਛਲੇ ਹਫ਼ਤੇ ਰੋਜ਼ਾਨਾ ਟੀਕੇ ਦੀਆਂ 332,877 ਖ਼ੁਰਾਕਾਂ ਨਾਲ 23 ਲੱਖ ਤੋਂ ਜ਼ਿਆਦਾ ਖ਼ੁਰਾਕਾਂ ਦਿੱਤੀਆਂ ਗਈਆਂ, ਜੋ ਹੁਣ ਤੱਕ ਕਿਸੇ ਵੀ ਹਫ਼ਤੇ ਵਿਚ ਦਿੱਤੀਆਂ ਗਈਆਂ ਖ਼ੁਰਾਕਾਂ ਤੋਂ ਜ਼ਿਆਦਾ ਹੈ।

ਪਾਕਿਸਤਾਨ ਵਿਚ ਕੋਰੋਨਾ ਦੀ ਦਰ 20 ਅਪ੍ਰੈਲ ਦੇ 11.63 ਫ਼ੀਸਦੀ ਤੋਂ ਸੁਧਰ ਕੇ 2.61 ਫ਼ੀਸਦੀ ਹੋ ਗਈ ਹੈ। ਦੇਸ਼ ਵਿਚ ਹੁਣ ਤੱਕ 8,93,148 ਲੋਕ ਇਸ ਤੋਂ ਠੀਕ ਹੋਏ ਹਨ ਅਤੇ 34,020 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਦੇ ਅੰਤ ਤੱਕ ਦੇਸ਼ ਦੀ 7 ਕਰੋੜ ਦੀ ਆਬਾਦੀ ਦਾ ਟੀਕਾਕਰਨ ਕਰਨ ਦਾ ਟੀਚਾ ਹੈ ਅਤੇ ਕਰੀਬ 1.3 ਕਰੋੜ ਖ਼ੁਰਾਕਾਂ ਦਿੱਤੀਆਂ ਗਈਆਂ ਹਨ।
 


author

cherry

Content Editor

Related News