ਪਾਕਿ ਦੇ ਹਸਪਤਾਲਾਂ ''ਚ ਘੱਟ ਪੈਣ ਲੱਗੇ ਬੈੱਡ, ਕੋਰੋਨਾ ਪੀੜਤਾਂ ਦਾ ਅੰਕੜਾ 10 ਹਜ਼ਾਰ ਪਾਰ

Thursday, Apr 23, 2020 - 06:36 PM (IST)

ਪਾਕਿ ਦੇ ਹਸਪਤਾਲਾਂ ''ਚ ਘੱਟ ਪੈਣ ਲੱਗੇ ਬੈੱਡ, ਕੋਰੋਨਾ ਪੀੜਤਾਂ ਦਾ ਅੰਕੜਾ 10 ਹਜ਼ਾਰ ਪਾਰ

ਕਰਾਚੀ- ਖਸਤਾਹਾਲ ਮੈਡੀਕਲ ਵਿਵਸਥਾ ਵਾਲੇ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਨਾਲ ਹਸਪਤਾਲਾਂ ਵਿਚ ਬੈੱਡ ਦੀ ਕਮੀ ਆਉਣ ਲੱਗੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਕਈ ਡਾਕਟਰਾਂ ਨੇ ਇਮਰਾਨ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ। ਪਾਕਿਸਤਾਨ ਵਿਚ ਕੋਰੋਨਾਵਾਇਰਸ ਦੀ ਲਪੇਟ ਵਿਚ ਆਏ ਲੋਕਾਂ ਦੀ ਗਿਣਤੀ 10 ਹਜ਼ਾਰ ਪਾਰ ਕਰ ਗਈ ਹੈ। ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ ਮੁਲਕ ਵਿਚ ਬੀਤੇ 24 ਘੰਟਿਆਂ ਦੌਰਾਨ 742 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਵਧਕੇ 10,513 ਹੋ ਗਈ ਹੈ, ਜਿਹਨਾਂ ਵਿਚੋਂ ਹੁਣ ਤੱਕ 224 ਲੋਕਾਂ ਦੀ ਮੌਤ ਹੋਈ ਹੈ।

ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਨਾਲ ਜੁੜੇ ਕਰਾਚੀ ਦੇ ਪ੍ਰਮੁੱਖ ਡਾਕਟਰਾਂ ਨੇ ਬੁੱਧਵਾਰ ਨੂੰ ਸਰਕਾਰ ਨੂੰ ਮਹਾਮਾਰੀ ਦੀ ਰੋਕਥਾਮ ਦੇ ਲਈ ਲਾਕਡਾਊਨ ਦੇ ਉਪਾਅ ਨੂੰ ਹੋਰ ਸਖਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਧਾਰਮਿਕ ਨੇਤਾਵਾਂ ਨੂੰ ਵੀ ਇਹਨਾਂ ਉਪਾਅ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਡਾਵ ਯੂਨੀਵਰਸਿਟੀ ਆਫ ਹੈਲਥ ਸਾਈਂਸਜ਼ ਦੇ ਡਾਕਟਰ ਸਾਦ ਨਿਆਜ਼ ਨੇ ਕੋਰੋਨਾ ਵਾਇਰਸ ਨਾਲ ਮੋਹਰੀ ਮੋਰਚਿਆਂ 'ਤੇ ਮੁਕਾਬਲਾ ਕਰ ਰਹੇ ਸਿਹਤ ਕਰਮਚਾਰੀਆਂ ਦੀ ਹਾਲਤ ਵੀ ਬਿਆਨ ਕੀਤੀ। ਉਹਨਾਂ ਕਿਹਾ ਕਿ ਆਰਥਿਕ ਤੇ ਸਮਾਜਿਕ ਪ੍ਰਭਾਵਾਂ ਦੇ ਚੱਲਦੇ ਮੈਡੀਕਲ ਦੇ ਮੋਰਚੇ 'ਤੇ ਸਮੱਸਿਆ ਪੈਦਾ ਹੋਈ ਹੈ। 16 ਤੋਂ 21 ਅਪ੍ਰੈਲ ਦੇ ਵਿਚਾਲੇ 2600 ਤੋਂ ਵਧੇਰੇ ਮਰੀਜ਼ ਵਧ ਗਏ।

ਮਜ਼ਾਕ ਬਣ ਗਈਆਂ ਪਾਬੰਦੀਆਂ
ਪੀ.ਐਮ.ਏ. ਦੇ ਜਨਰਲ ਸਕੱਤਰ ਸ਼ਹਜ਼ਾਦ ਨੇ ਕਿਹਾ ਕਿ ਸਿੰਧ ਵਿਚ ਵੀ ਲਾਕਡਾਊਨ ਹੈ, ਪਰ ਪਾਬੰਦੀਆਂ ਦਾ ਸਹੀ ਪਾਲਣ ਨਹੀਂ ਹੋ ਰਿਹਾ। ਪੂਰੇ ਪਾਕਿਸਤਾਨ ਵਿਚ ਪਾਬੰਦੀਆਂ ਮਜ਼ਾਕ ਬਣ ਕੇ ਰਹਿ ਗਈਆਂ ਹਨ। 

ਚੀਨ ਨੇ ਵੈਕਸੀਨ ਦੇ ਲਈ ਪਾਕਿਸਤਾਨ ਨੂੰ ਲਿਆ ਨਾਲ
ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਚੀਨ ਦੀ ਇਕ ਪ੍ਰਮੁੱਖ ਦਵਾਈ ਕੰਪਨੀ ਨੇ ਪਾਕਿਸਤਾਨ ਦੇ ਇਕ ਪ੍ਰਮੁੱਖ ਰਾਸ਼ਟਰੀ ਸਿਹਤ ਸੰਸਥਾਨ ਨੂੰ ਕੋਰੋਨਾ ਵਾਇਰਸ ਦੇ ਟੀਕੇ ਦੇ ਕਲੀਨਿਕਲ ਪ੍ਰੀਖਣ ਵਿਚ ਸਹਿਯੋਗ ਕਰਨ ਦੇ ਲਈ ਸੱਦਾ ਦਿੱਤਾ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੂੰ ਚਾਈਨਾ ਸਾਈਨੋਫਾਰਮ ਇੰਟਰਨੈਸ਼ਨਲ ਕੋਰ ਤੋਂ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ ਟੀਕੇ ਦੇ ਕਲੀਨਿਕਲ ਪ੍ਰੀਖਣ ਦਾ ਪ੍ਰਸਤਾਵ ਮਿਲਿਆ ਹੈ।


author

Baljit Singh

Content Editor

Related News