ਪਾਕਿ ਸਰਕਾਰ ਦੇ ਨਾਪਾਕ ਇਰਾਦੇ, ਹਿੰਦੂਆਂ ਦਾ ਮੰਦਰ ਜਲਾਉਣ ਵਾਲੇ 350 ਦੋਸ਼ੀ ਹੋਣਗੇ ਰਿਹਾਅ
Tuesday, Jul 13, 2021 - 10:06 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਸਰਕਾਰ ਦੇ ਨਾਪਾਕ ਇਰਾਦੇ ਇਕ ਵਾਰ ਫਿਰ ਜ਼ਾਹਿਰ ਹੋਏ, ਜਦੋਂ ਉਸ ਨੇ ਹਿੰਦੂਆਂ ਦੇ ਮੰਦਰ ਨੂੰ ਜਲਾਉਣ ਵਾਲੇ 350 ਦੋਸ਼ੀਆਂ ਨੂੰ ਮੁਆਫ ਕਰਨ ਦਾ ਫ਼ੈਸਲਾ ਕੀਤਾ। ਖੈਬਰ ਪਖਤੂਨਖਵਾ ਸਰਕਾਰ ਨੇ ਪਿਛਲੇ ਸਾਲ ਤੇਰੀ ਕਰਕ ਜ਼ਿਲ੍ਹੇ ’ਚ ਮੰਦਰ ਕੋਲ ਪ੍ਰੇਮ ਹੰਸ ਦੀ ਸਮਾਧੀ ਨੂੰ ਅੱਗ ਲਾਉਣ ਦੇ ਮਾਮਲੇ ’ਚ 350 ਲੋਕਾਂ ਖਿਲਾਫ ਐੱਫ. ਆਰ. ਆਈ. ਦਰਜ ਕੀਤੀ ਸੀ। ਇਸ ਮਾਮਲੇ ’ਚ 109 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਖੈਬਰ ਪਖਤੂਨਖਵਾ ਸਰਕਾਰ ਨੇ ਮੰਗਲਵਾਰ ਦੱਸਿਆ ਕਿ ਇਨ੍ਹਾਂ ਸਾਰਿਆਂ ਖ਼ਿਲਾਫ਼ ਦਰਜ ਮਾਮਲੇ ਵਾਪਸ ਲਏ ਜਾਣਗੇ। ਸਰਕਾਰ ਦਾ ਦਾਅਵਾ ਹੈ ਕਿ ਘੱਟਗਿਣਤੀ ਹਿੰਦੂ ਭਾਈਚਾਰੇ ਨੇ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਹੈ। ਸੂਬੇ ਦੇ ਗ੍ਰਹਿ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਮਾਮਲੇ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਗਠਿਤ ਜਿਰਗਾ ’ਚ ਦੋਸ਼ੀਆਂ ਨੂੰ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਜਿਰਗਾ ਇਕ ਤਰ੍ਹਾਂ ਦੀ ਪੰਚਾਇਤ ਹੀ ਹੁੰਦੀ ਹੈ, ਜਿਸ ’ਚ ਬਜ਼ੁਰਗ ਆਪਸੀ ਸਹਿਮਤੀ ਨਾਲ ਫ਼ੈਸਲਾ ਲੈਂਦੇ ਹਨ।
ਇਹ ਵੀ ਪੜ੍ਹੋ : ਅਮਰੀਕੀ ਸਿਹਤ ਸੰਸਥਾ ਨੇ ‘ਜਾਨਸਨ ਐਂਡ ਜਾਨਸਨ’ ਵੈਕਸੀਨ ਨੂੰ ਲੈ ਕੇ ਦਿੱਤੀ ਵੱਡੀ ਚੇਤਾਵਨੀ
ਜ਼ਿਕਰਯੋਗ ਹੈ ਕਿ ਹਿੰਦੂ ਭਾਈਚਾਰੇ ਦੇ ਲੋਕਾਂ ਦਾ ਅਜੇ ਵੀ ਕਹਿਣਾ ਹੈ ਕਿ ਭਰੋਸਾ ਮਿਲਣ ਦੇ ਬਾਵਜੂਦ ਸਰਕਾਰ ਬਿਨਾਂ ਕਿਸੇ ਕਾਰਨ ਦੇਰੀ ਕਰ ਰਹੀ ਹੈ। ਉਨ੍ਹਾਂ ਅਨੁਸਾਰ ਮੰਦਰ ਕੋਲ ਆਰਾਮ ਕਰਨ ਵਾਲੀ ਜਗ੍ਹਾ ਦਾ ਨਿਰਮਾਣ ਕੰਮ ਅਜੇ ਵੀ ਲਟਕਿਆ ਹੋਇਆ ਹੈ। ਇਸ ਕਾਰਨ ਘੱਟਗਿਣਤੀ ਭਾਈਚਾਰੇ ’ਚ ਕਾਫ਼ੀ ਗੁੱਸਾ ਵੀ ਹੈ। ਸੂਬੇ ’ਚ ਮਨੁੱਖੀ ਅਧਿਕਾਰ ਕਾਰਕੁੰਨ ਤੇ ਧਰਮ ਗੁਰੂ ਹਾਰੂਨ ਸਰਬ ਦਿਆਲ ਦਾ ਕਹਿਣਾ ਹੈ ਕਿ ਅਸੀਂ ਸ਼ਾਂਤੀ ਤੇ ਸੰਪਰਦਾਇਕ ਸਦਭਾਵ ਦੇ ਖਿਲਾਫ ਨਹੀਂ ਪਰ ਜਿਸ ਤਰੀਕੇ ਨਾਲ ਜਿਰਗਾ ਸੱਭਿਆਚਾਰ ਦੇ ਖਿਲਾਫ ਜਾ ਕੇ ਕੇਸ ਨੂੰ ਖਤਮ ਕੀਤਾ ਗਿਆ, ਉਹ ਸਹੀ ਨਹੀਂ ਹੈ। ਹਾਰੂਨ ਸਰਬ ਨੇ ਕਿਹਾ ਕਿ ਸਥਾਨਕ ਹਿੰਦੂ ਭਾਈਚਾਰ ਨੂੰ ਵਿਸ਼ਵਾਸ ’ਚ ਨਹੀਂ ਲਿਆ ਗਿਆ, ਬਸ ਨੈਸ਼ਨਲ ਅਸੈਂਬਲੀ ’ਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੈਂਬਰ ਤੇ ਪਾਕਿਸਤਾਨ ਹਿੰਦੂ ਕੌਂਸਲ ਦੇ ਚੇਅਰਮੈਨ ਡਾਕਟਰ ਰਮੇਸ਼ ਦੇ ਵਾਂਕਵਾਨੀ ਨਾਲ ਹੀ ਗੱਲ ਕੀਤੀ ਗਈ।