ਪਾਕਿ ਅਦਾਲਤ ਨੇ ਅਸਥਾਈ ਤੌਰ ''ਤੇ ਟਾਲੀ ਮੁੰਬਈ ਹਮਲੇ ਦੀ ਸੁਣਵਾਈ

01/24/2019 12:45:58 AM

ਇਸਲਾਮਾਬਾਦ— ਪਾਕਿਸਤਾਨ ਦੀ ਇਕ ਅਦਾਲਤ ਨੇ 2008 ਦੇ ਮੁੰਬਈ ਹਮਲਾ ਮਾਮਲੇ ਦੀ ਸੁਣਵਾਈ ਅਸਥਾਈ ਰੂਪ ਨਾਲ ਰੋਕ ਦਿੱਤੀ ਹੈ ਤਾਂ ਕਿ ਪ੍ਰੋਸੀਕਿਊਸ਼ਨ ਪੱਖ ਹੋਰ ਗਵਾਹ ਪੇਸ਼ ਕਰ ਸਕੇ। ਨਵੰਬਰ 2008 'ਚ ਕਰਾਚੀ ਤੋਂ ਕਿਸ਼ਤੀ ਰਾਹੀਂ ਮੁੰਬਈ ਗਏ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਭਾਰਤ ਦੀ ਆਰਥਿਕ ਰਾਜਧਾਨੀ 'ਚ ਸਿਲਸਿਲੇਵਾਰ ਹਮਲੇ ਕੀਤੇ ਸਨ, ਜਿਸ 'ਚ 166 ਲੋਕਾਂ ਦੀ ਮੌਤ ਹੋ ਗਈ ਸੀ ਤੇ 300 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ ਸਨ।

ਪਾਕਿਸਤਾਨ ਦੀ ਅੱਤਵਾਦ ਰੋਕੂ ਇਕ ਅਦਾਲਤ 'ਚ ਲਸ਼ਕਰ ਦੇ 7 ਮੈਂਬਰਾਂ ਦੇ ਖਿਲਾਫ 10 ਸਾਲ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਮੁਕੱਦਮੇ 'ਚ ਜ਼ਿਆਦਾ ਪ੍ਰਗਤੀ ਨਹੀਂ ਹੋਈ ਹੈ, ਕਿਉਂਕਿ ਪਾਕਿਸਤਾਨ ਉਨ੍ਹਾਂ ਦੇ ਖਿਲਾਫ ਲੋੜੀਂਦੇ ਸਬੂਤ ਨਾ ਹੋਣ ਦਾ ਦਾਅਵਾ ਕਰਦਾ ਰਿਹਾ ਹੈ। ਇਸਲਾਮਾਬਾਦ ਹਾਈ ਕੋਰਟ ਦੀ ਇਕ ਬੈਂਚ ਨੇ ਮੰਗਲਵਾਰ ਨੂੰ ਸੰਘੀ ਜਾਂਚ ਏਜੰਸੀ ਦੀ ਉਸ ਪਟੀਸ਼ਨ 'ਤੇ ਸੁਣਵਾਈ ਕੀਤੀ ਜਿਸ 'ਚ ਅੱਤਵਾਦ ਰੋਕੂ ਅਦਾਲਤ 'ਚ ਜਾਰੀ ਸੁਣਵਾਈ 'ਤੇ ਰੋਕ ਦੀ ਮੰਗ ਕੀਤੀ ਗਈ ਸੀ। ਇਸ ਬੈਂਚ 'ਚ ਜਸਟਿਸ ਆਮਿਰ ਫਾਰੁਕ ਤੇ ਜਸਟਿਸ ਅਖਤਰ ਕਿਆਨੀ ਸ਼ਾਮਲ ਹਨ।

ਇਕ ਪੱਤਰਕਾਰ ਏਜੰਸੀ ਦੀ ਖਬਰ ਮੁਤਾਬਕ ਅਦਾਲਤ ਨੇ ਸੁਣਵਾਈ 'ਤੇ ਇਕ ਹਫਤੇ ਦੀ ਰੋਕ ਲਗਾ ਦਿੱਤੀ ਹੈ ਤਾਂ ਕਿ ਪ੍ਰੋਸੀਕਿਊਸ਼ਨ 19 ਗਵਾਹਾਂ 'ਚੋਂ ਕੁਝ ਗਵਾਹਾਂ ਨੂੰ ਸੰਮਣ ਜਾਰੀ ਕਰ ਸਕੇ। ਸੁਣਵਾਈ ਦੌਰਾਨ ਸੰਘੀ ਜਾਂਚ ਏਜੰਸੀ ਦੇ ਪ੍ਰੋਸੀਕਿਊਟਰ ਅਕਰਮ ਕੁਰੈਸ਼ੀ ਅਦਾਲਤ 'ਚ ਪੇਸ਼ ਹੋਏ। ਜਸਟਿਸ ਕਿਆਨੀ ਨੇ ਕਿਹਾ ਕਿ ਕਈ ਗਵਾਹ ਡਰ ਕਾਰਨ ਪੇਸ਼ ਨਹੀਂ ਹੋ ਰਹੇ ਜਦਕਿ ਕੁਝ ਹੋਰਾਂ ਦੇ ਟਿਕਾਣਿਆਂ ਦਾ ਪਤਾ ਨਹੀਂ ਚੱਲ ਸਕਿਆ ਹੈ।

ਸੰਘੀ ਜਾਂਚ ਏਜੰਸੀ ਦੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਕਈ ਗਵਾਹਾਂ ਦਾ ਪਤਾ ਲਗਾ ਲਿਆ ਗਿਆ ਹੈ। ਇਸ 'ਤੇ ਜਸਟਿਸ ਕਿਆਨੀ ਨੇ ਕਿਹਾ ਕਿ ਕੀ ਗਵਾਹ ਅਦਾਲਤ 'ਚ ਪੇਸ਼ ਹੋਣਗੇ। ਇਸ 'ਤੇ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ 'ਚੋਂ ਕੁਝ ਗਵਾਹਾਂ ਦਾ ਪਤਾ ਲਗਾ ਲਿਆ ਗਿਆ ਹੈ ਤੇ ਉਹ ਅਦਾਲਤ 'ਚ ਪੇਸ਼ ਹੋਣ ਲਈ ਤਿਆਰ ਹਨ। ਜਸਟਿਸ ਆਮਿਰ ਫਾਰੁਕ ਨੇ ਹੇਠਲੀ ਅਦਾਲਤ 'ਚ ਸੁਣਵਾਈ ਦੀ ਅਗਲੀ ਤਰੀਕ ਬਾਰੇ ਪੁੱਛਿਆ, ਜਿਸ 'ਤੇ ਫੈਡਰਲ ਜਾਂਚ ਏਜੰਸੀ ਦੇ ਵਕੀਲ ਨੇ ਦੱਸਿਆ ਕਿ ਅੱਤਵਾਦ ਰੋਕੂ ਅਦਾਲਤ 'ਚ ਮਾਮਲੇ 'ਤੇ ਸੁਣਵਾਈ ਦੀ ਤਰੀਕ ਬੁੱਧਵਾਰ ਤੈਅ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਨੇ ਸੁਣਵਾਈ 'ਤੇ ਰੋਕ ਦੀ ਅਪੀਲ ਕੀਤੀ ਹੈ। ਅਦਾਲਤ ਨੇ ਅਪੀਲ ਸਵਿਕਾਰ ਕਰਕੇ ਅੱਤਵਾਦ ਰੋਕੂ ਅਦਾਲਤ ਦੀ ਸੁਣਵਾਈ ਨੂੰ ਅਗਲੇ ਹਫਤੇ ਤੱਕ ਟਾਲ ਦਿੱਤਾ ਹੈ ਤੇ ਰਜਿਸਟਰਾਰ ਨੂੰ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਤੈਅ ਕਰਨ ਦਾ ਹੁਕਮ ਦਿੱਤਾ ਹੈ।

ਲਸ਼ਕਰ ਦੇ ਜਿਨ੍ਹਾਂ 7 ਅੱਤਵਾਦੀਆਂ ਖਿਲਾਫ ਮੁਕੱਦਮਾ ਚੱਲ ਰਿਹਾ ਹੈ ਉਨ੍ਹਾਂ 'ਚ ਜਕੀ ਰਹਿਮਾਨ ਲਖਵੀ, ਅਬਦੁੱਲ ਵਾਜਿਦ, ਮਜ਼ਹਰ ਇਕਬਾਲ, ਹਮਾਦ ਅਮੀਨ ਸਾਦਿਕ, ਸ਼ਾਹਿਦ ਜਮੀਲ ਰਿਆਜ, ਜਮੀਲ ਅਹਿਮਦ ਤੇ ਯੂਨਿਸ ਅੰਜੁਮ ਸ਼ਾਮਲ ਹਨ। ਇਨ੍ਹਾਂ ਲੋਕਾਂ 'ਤੇ ਕਤਲ ਲਈ ਉਕਸਾਉਣ, ਕਤਲ ਦੀ ਕੋਸ਼ਿਸ਼, ਮੁੰਬਈ ਹਮਲਿਆਂ ਲਈ ਯੋਜਨਾ ਬਣਾਉਣ ਤੇ ਉਸ ਨੂੰ ਅੰਜਾਮ ਦੇਣ ਦੇ ਦੋਸ਼ 2009 ਤੋਂ ਲੱਗੇ ਹਨ। ਲਖਵੀ ਨੂੰ ਛੱਡ ਕੇ ਹੋਰ 6 ਦੋਸ਼ੀਆਂ ਨੂੰ ਰਾਵਲਪਿੰਡੀ 'ਚ ਉੱਚ ਸੁਰੱਖਿਆ ਵਾਲੀ ਅਦਿਆਲਾ ਜੇਲ 'ਚ ਰੱਖਿਆ ਗਿਆ ਹੈ।


Baljit Singh

Content Editor

Related News